ਸ਼ਿਮਲਾ: ਮਾਨਸੂਨ ਦਾ ਆਖਰੀ ਦੌਰ ਕਾਫੀ ਭਿਆਨਕ ਸਾਬਤ ਹੋ ਰਿਹਾ ਹੈ। ਪਹਾੜਾਂ ਵਿੱਚ ਪਿਛੇ ਦਿਨਾਂ ਤੋਂ ਜਾਰੀ ਬਰਸਾਤ ਕਾਰਨ ਹੁਣ ਤਕ 21 ਮੌਤਾਂ ਹੋ ਚੁੱਕੀਆਂ ਹਨ। ਹਾਲਾਤ ਬੀਤੇ ਕੱਲ੍ਹ ਦੇ ਮੀਂਹ ਕਾਰਨ ਚਿੰਤਾਜਨਕ ਬਣੇ ਹਨ। ਭਾਰੀ ਮੀਂਹ ਕਰਕੇ ਸ਼ਿਮਲਾ, ਕੁੱਲੂ ਤੇ ਸਿਰਮੌਰ ਜ਼ਿਲ੍ਹਿਆਂ ਦੇ ਸਕੂਲਾਂ ਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਵੀ ਭਲਕੇ ਰੂਪਨਗਰ ਜ਼ਿਲ੍ਹੇ ਦੇ ਸਕੂਲਾਂ ਵਿੱਚ ਛੁੱਟੀ ਰਹੇਗੀ।


ਬੀਤੇ ਕੱਲ੍ਹ ਪਏ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਦੇ ਨੌਂ ਕੌਮੀ ਸ਼ਾਹਰਾਹ ਸਮੇਤ 887 ਸੜਕਾਂ ਠੱਪ ਹੋ ਗਈਆਂ ਹਨ। ਇਸ ਦੇ ਨਾਲ ਹੀ ਸਾਰੇ ਰੇਲ ਮਾਰਗ ਤੇ ਹਵਾਈ ਮਾਰਗ ਠੱਪ ਹੋ ਗਏ ਹਨ। ਸੂਬੇ ਵਿੱਚ 24 ਘੰਟਿਆਂ ਦੌਰਾਨ ਪਏ ਮੀਂਹ ਨੇ ਪਿਛਲੇ ਸੱਤ ਸਾਲ ਦੇ ਰਿਕਾਰਡ ਟੁੱਟ ਗਏ ਹਨ।

ਭਾਰੀ ਵਰਖਾ ਕਾਰਨ ਹਿਮਾਚਲ ਦੇ ਸਾਰੇ ਨਦੀ-ਨਾਲੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਪੁਲ ਤੇ ਸੜਕਾਂ ਨੁਕਸਾਨੀਆਂ ਗਈਆਂ ਹਨ। ਇਸ ਦਰਿਆਈ ਪਾਣੀ ਦਾ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਰੋਪੜ ਹੈੱਡਵਰਕਸ ਤੋਂ ਸਤਲੁਜ ਦਰਿਆ ਵਿੱਚ ਦੋ ਲੱਖ ਕਿਊਸਕ ਤੋਂ ਵੱਧ ਪਾਣੀ ਛੱਡਿਆ ਗਿਆ। ਭਾਰੀ ਬਰਸਾਤ ਕਾਰਨ ਪੰਜਾਬ ਦੇ ਵੀ ਕਈ ਜ਼ਿਲ੍ਹਿਆਂ ਵਿੱਚ ਹੜ੍ਹਾਂ ਜਿਹੇ ਹਾਲਾਤ ਬਣੇ ਹੋਏ ਹਨ।

ਸ਼ਿਮਲਾ ਮੌਸਮ ਵਿਭਾਗ ਮੁਤਾਬਕ ਸ਼ਨੀਵਾਰ-ਐਤਵਾਰ ਨੂੰ ਔਸਤਨ 102 ਮਿਲੀਮੀਟਰ ਵਰਖਾ ਹੋਈ। ਇਸ ਤੋਂ ਵਹਿਲਾਂ 14 ਅਗਸਤ 2011 ਨੂੰ 74 ਐਮਐਮ ਬਾਰਸ਼ ਦਰਜ ਕੀਤੀ ਗਈ ਸੀ। ਸ਼ਿਮਲਾ ਮੌਸਮ ਵਿਗਿਆਨ ਕੇਂਦਰ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ 24 ਅਗਸਤ ਤਕ ਸੂਬੇ ਵਿੱਚ ਮੌਸਮ ਖਰਾਬ ਰਹੇਗਾ ਪਰ ਭਾਰੀ ਬਰਸਾਤ ਦੀ ਸੰਭਾਵਨਾ ਨਹੀਂ ਹੈ।