ਨਵੀਂ ਦਿੱਲੀ: ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬਾਰਸ਼ ਤੇ ਬਰਫਬਾਰੀ ਕਰਕੇ ਤਾਪਮਾਨ ‘ਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਬਾਰਸ਼ ਕਾਰਨ ਦਿੱਲੀ ਦੀ ਹਵਾ ‘ਚ ਵੀ ਕੁਝ ਸੁਧਾਰ ਹੋਇਆ ਹੈ। ‘ਬੇਹੱਦ ਖ਼ਰਾਬ’ ਹਵਾ ਦੀ ਗੁਣਵੱਤਾ ਹੁਣ ‘ਸਧਾਰਨ’ ‘ਚ ਦਰਜ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਵੱਲੋਂ ਅੱਜ ਵੀ ਸਾਰਾ ਦਿਨ ਬਾਰਸ਼ ਹੋਣ ਦਾ ਅਨੁਮਾਨ ਹੈ। ਵਿਭਾਗ ਵੱਲੋਂ ਦਿੱਲੀ ਦਾ ਤਾਪਮਾਨ 13 ਡਿਗਰੀ ਦਰਜ ਕੀਤਾ ਗਿਆ ਹੈ।




ਜਿੱਥੇ ਬਾਰਸ਼ ਨੇ ਹਵਾ ਦੀ ਗੁਣਵੱਤਾ ‘ਚ ਸੁਧਾਰ ਕੀਤਾ ਹੈ, ਉੱਥੇ ਹੀ ਆਮ ਲੋਕਾਂ ਨੂੰ ਆਉਣ-ਜਾਣ ‘ਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਕਈ ਥਾਂਵਾਂ ‘ਤੇ ਪਾਣੀ ਭਰ ਜਾਣ ਕਾਰਨ ਇੱਕ ਵਾਰ ਫੇਰ ਪ੍ਰਸਾਸ਼ਨ ਦੀ ਪੋਲ ਖੁੱਲ੍ਹ ਗਈ।

ਉਧਰ ਇਸ ਮੀਂਹ ਨੇ ਕਈ ਖੇਤਰਾਂ ‘ਚ ਕਿਸਾਨਾਂ ਦੇ ਚਿਹਰੇ ‘ਤੇ ਮੁਸਕੁਰਾਹਟ ਲਿਆਂਦੀ ਹੈ। ਇਸ ਮੀਂਹ ਦਾ ਫਸਲ ਨੂੰ ਕਾਫੀ ਫਾਇਦਾ ਹੋਵੇਗਾ ਪਰ ਜਿਨ੍ਹਾਂ ਜ਼ਿਲ੍ਹਿਆਂ ‘ਚ ਲੋੜ ਤੋਂ ਜ਼ਿਆਦਾ ਮੀਂਹ ਤੇ ਗੜ੍ਹੇਮਾਰੀ ਹੋਈ ਹੈ, ਉਸ ਨਾਲ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਕਣਕਾਂ ਤੋਂ ਇਲਾਵਾ ਇਸ ਬਾਰਸ਼ ਨਾਲ ਸਰ੍ਹੋਂ ਦੀ ਫਸਲ ਨੂੰ ਖਾਸਾ ਨੁਕਸਾਨ ਹੈ।



ਬੀਤੇ ਦਿਨੀਂ ਪੰਜਾਬ ਦੇ ਮਲੇਰਕੋਟਲਾ ‘ਚ ਭਾਰੀ ਗੜ੍ਹੇਮਾਰੀ ਨੇ ਫਸਲ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਉਧਰ ਮੱਧ ਪ੍ਰਦੇਸ਼ ‘ਚ ਵੀ ਗੜ੍ਹੇਮਾਰੀ ਨਾਲ ਹਾੜੀ ਦੀ ਫਸਲ ਨੂੰ ਨੁਕਾਸਨ ਹੋ ਸਕਦਾ ਹੈ।



ਹਿਮਾਚਲ ‘ਚ ਹੋਈ ਬਰਫਬਾਰੀ ਦਾ ਨਜ਼ਾਰਾ ਦੇਖਣ ਵਾਲਾ ਸੀ। ਸੈਲਾਨੀਆਂ ਨੇ ਇਸ ਬਰਫਬਾਰੀ ਨੂੰ ਜਿੱਥੇ ਖੂਬ ਐਂਜੁਆਏ ਕੀਤਾ, ਉਥੇ ਹੀ ਇਸ ਬਰਫਬਾਰੀ ਨੇ ਸਥਾਨਕ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਠੰਢ ਦੇ ਵਧਣ ਨਾਲ ਲੋਕਾਂ ਨੂੰ ਅੱਗ ਦਾ ਸਹਾਰਾ ਲੈਣਾ ਪੈ ਰਿਹਾ ਹੈ। ਮੌਸਮ ਦੇ ਖ਼ਰਾਬ ਹੋਣ ਕਾਰ ਕੁਝ ਟ੍ਰੇਨਾਂ ਵੀ ਦੇਰੀ ਨਾਲ ਚਲ ਰਹੀਆਂ ਹਨ।