ਸ਼ਿਮਲਾ: ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਇੱਕ ਵਾਰ ਫੇਰ ਬਾਰਸ਼ ਨੇ ਭਾਰੀ ਤਬਾਹੀ ਮਚਾਈ ਹੈ। ਬਾਰਸ਼ ਕਰਕੇ ਸ਼ਹਿਰ ਦੇ ਨਾਲੇ ਪਾਣੀ ਨਾਲ ਭਰ ਗਏ ਹਨ ਤੇ ਨਾਲੀਆਂ ਦੀ ਗੰਦਗੀ ਸੜਕ ‘ਤੇ ਆ ਗਈ ਹੈ। ਇਸ ਨਾਲ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਐਤਵਾਰ ਦੁਪਹਿਰ ਬਾਅਦ ਹੋਈ ਬਾਰਸ਼ ਨਾਲ ਲਾਲਪਾਣੀ ‘ਚ ਲੈਂਡ-ਸਲਾਈਡਿੰਗ ਨਾਲ ਸ਼ਿਮਲਾ-ਰਾਮਪੁਰ ਰਾਸ਼ਟਰੀ ਰਸਤਾ ਬੰਦ ਰਿਹਾ।


ਇਸ ਨਾਲ ਸੇਬ ਨਾਲ ਭਰੇ ਟਰੱਕ ਤੇ ਜੀਪ ਫਸ ਗਏ। ਵਾਹਨਾਂ ਦੀ ਲੰਬੀਆਂ ਲਾਈਨਾਂ ਹੋਣ ਕਰਕੇ ਪੁਲਿਸ ਨੇ ਟ੍ਰੈਫਿਕ ਨੂੰ ਵਾਇਆ ਪੁਰਾਣਾ ਬੱਸ ਅੱਡਾ ਭੇਜਣਾ ਸ਼ੁਰੂ ਕੀਤਾ। ਇਸ ਨਾਲ ਸ਼ਹਿਰ ਦੀ ਆਵਾਜਾਈ ਜਾਮ ਹੋਣ ਦੀ ਦਿੱਕਤ ਪੈਦਾ ਹੋ ਗਈ। ਇਸ ਨਾਲ ਵੀਕਐਂਡ ‘ਤੇ ਸ਼ਿਮਲਾ ਆਏ ਸੈਲਾਨੀਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਨਿਊ ਸ਼ਿਮਲਾ ‘ਚ ਲੈਂਡ ਸਲਾਈਡਿੰਗ ਕਰਕੇ ਚਾਰ ਮੰਜ਼ਲਾ ਇਮਾਰਤ ਨੂੰ ਖ਼ਤਰਾ ਪੈਦਾ ਹੋ ਗਿਆ। ਇਮਾਰਤ ਤਿੰਨ ਮੀਟਰ ਦੂਰੀ ਤਕ ਜ਼ਮੀਨ ‘ਚ ਧਸ ਗਈ। ਸੜਕਾਂ ‘ਤੇ ਪੱਥਰ ਡਿੱਗਣ ਨਾਲ ਵਾਰ-ਵਾਰ ਆਵਾਜਾਈ ਰੁਕਦੀ ਰਹੀ।

ਜ਼ਿਲ੍ਹਾ ਸ਼ਿਮਲਾ ‘ਚ ਪਹਿਲੀ ਜੁਲਾਈ ਤੋਂ ਹੁਣ ਤਕ 217 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸਭ ਤੋਂ ਜ਼ਿਆਦਾ ਨੁਕਸਾਨ ਲੋਕ ਨਿਰਮਾਣ ਵਿਭਾਗ ਦਾ ਹੋਇਆ ਹੈ। 89 ਕਰੋੜ ਰੁਪਏ ਦਾ ਨੁਕਸਾਨ ਨਿਰਮਾਣ ਵਿਭਾਗ ਨੂੰ ਜ਼ਿਲ੍ਹਾ ਸ਼ਿਮਲਾ ‘ਚ ਹੀ ਹੋਇਆ ਹੈ। ਨਗਰ ਨਿਗਮ ਸ਼ਿਮਲਾ ਨੂੰ 18 ਕਰੋੜ 64 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਰਾਸ਼ਟਰੀ ਰਾਜ ਮਾਰਗ ਨੂੰ ਚਾਰ ਕਰੋੜ 14 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।