ਨਵੀਂ ਦਿੱਲੀ: 76 ਸਾਲਾ ਰਾਜਾ ਸਿੰਘ ਨੂੰ ਕਿਸੇ ਤੋਂ ਮਦਦ ਲੈਣਾ ਚੰਗਾ ਨਹੀਂ ਲਗਦਾ। ਉਹ 48 ਸਾਲਾਂ ਤੋਂ ਆਪਣੀ ਜ਼ਿੰਦਗੀ ਰੇਲਵੇ ਸਟੇਸ਼ਨ 'ਤੇ ਗੁਜ਼ਾਰ ਰਹੇ ਹਨ। ਦਿਨ ਵੇਲੇ ਵੀਜ਼ਾ ਐਪਲੀਕੇਸ਼ਨ ਸੈਂਟਰ ਵਿੱਚ ਲੋਕਾਂ ਦੀ ਫਾਰਮ ਭਰਨ ਵਿੱਚ ਮਦਦ ਕਰਦੇ ਹਨ। ਇਸ ਤੋਂ ਬਾਅਦ ਕੁਝ ਸਮਾਂ ਗੁਰੂ ਘਰ ਵਿੱਚ ਗੁਜ਼ਾਰਦੇ ਹਨ ਤੇ ਫਿਰ ਰਾਤ ਸਮੇਂ ਸੌਣ ਲਈ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ 'ਤੇ ਚਲੇ ਜਾਂਦੇ ਹਨ। 48 ਸਾਲ ਤੋਂ ਲਗਾਤਾਰ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਹਨ।


 

ਦਰਅਸਲ, ਰਾਜਾ ਸਿੰਘ ਨੇ 1964 ਵਿੱਚ ਆਕਸਫ਼ੋਰਡ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪੂਰੀ ਕੀਤੀ ਤੇ ਉੱਥੇ ਹੀ ਨੌਕਰੀ ਲੱਗ ਗਏ ਪਰ ਵੱਡੇ ਭਰਾ ਦੇ ਕਹਿਣ 'ਤੇ ਕੁਝ ਹੀ ਦਿਨਾਂ ਬਾਅਦ ਨੌਕਰੀ ਛੱਡ ਵਾਪਸ ਭਾਰਤ ਆ ਗਏ। ਇੱਥੇ ਆ ਕੇ ਕਈ ਵਾਰ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਫ਼ਲਤਾ ਨਹੀਂ ਮਿਲੀ। ਕੁਝ ਸਮੇਂ ਬਾਅਦ ਭਰਾ ਦੀ ਅਚਾਨਕ ਮੌਤ ਹੋ ਜਾਂਦੀ ਹੈ ਤੇ ਰਾਜਾ ਸਿੰਘ ਇਕੱਲੇ ਪੈ ਜਾਂਦੇ ਹਨ। ਰਾਜਾ ਸਿੰਘ ਦੇ ਦੋ ਪੁੱਤਰ ਹਨ ਪਰ ਪਤਨੀ ਨਾਲ ਅਕਸਰ ਅਣਬਣ ਹੋਣ ਕਾਰਨ ਉਹ ਬੱਚਿਆਂ ਨੂੰ ਲੈ ਕੇ ਵੱਖ ਰਹਿਣ ਲੱਗੀ। ਇਸ ਤਰ੍ਹਾਂ ਪਰਿਵਾਰ ਹੋਣ ਦੇ ਬਾਵਜੂਦ ਰਾਜਾ ਸਿੰਘ ਇਸ ਦੁਨੀਆ ਵਿੱਚ ਇਕੱਲੇ ਹੋ ਜਾਂਦੇ ਹਨ।

ਰਾਜਾ ਸਿੰਘ ਨੇ ਬੱਚਿਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਪਤਨੀ ਦੇ ਸੁਭਾਅ ਕਾਰਨ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ। ਇੰਨਾ ਕੁਝ ਖੁੱਸ ਜਾਣ ਤੋਂ ਬਾਅਦ ਵੀ ਰਾਜਾ ਸਿੰਘ ਨੇ ਹਿੰਮਤ ਨਹੀਂ ਹਾਰੀ। ਜ਼ਿੰਦਗੀ ਨਾਲ ਲੜਦਿਆਂ ਹੋਇਆਂ ਉਨ੍ਹਾਂ 1970 ਤੋਂ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ। ਉਦੋਂ ਤੋਂ ਲੈ ਕੇ ਉਹ ਰੋਜ਼ਾਨਾ ਵੀਜ਼ਾ ਐਪਲੀਕੇਸ਼ਨ ਸੈਂਟਰ ਦੇ ਬਾਹਰ ਜਾਂਦੇ ਹਨ ਤੇ ਉੱਥੇ ਲੋਕਾਂ ਦੀ ਫਾਰਮ ਭਰਨ ਵਿੱਚ ਮਦਦ ਕਰਦੇ ਹਨ। ਮਦਦ ਬਦਲੇ ਲੋਕ ਉਨ੍ਹਾਂ ਨੂੰ ਕੁਝ ਪੈਸੇ ਦੇ ਦਿੰਦੇ ਹਨ ਤੇ ਇਸੇ ਪੈਸੇ ਨਾਲ ਰਾਜਾ ਸਿੰਘ ਆਪਣੀ ਜ਼ਿੰਦਗੀ ਗੁਜ਼ਾਰਦੇ ਹਨ।

ਦਰਅਸਲ, ਰਾਜਾ ਸਿੰਘ ਤਕਰੀਬਨ ਪਿਛਲੇ ਇੱਕ ਮਹੀਨੇ ਤੋਂ ਦਿੱਲੀ ਦੇ ਕਨਾਟ ਪਲੇਸ ਲਾਗੇ ਸੁਲਭ ਸ਼ੌਚਾਲਿਆ ਵਿੱਚ ਤਿਆਰ ਹੋਣ ਲਈ ਆਉਂਦੇ ਹਨ। ਹਰ ਰੋਜ਼ ਉਹ ਇੱਥੋਂ ਹੀ ਤਿਆਰ ਹੋ ਕੇ ਵੀਜ਼ਾ ਐਪਲੀਕੇਸ਼ਨ ਸੈਂਟਰ ਜਾਂਦੇ ਹਨ। ਕੁਝ ਦਿਨ ਪਹਿਲਾਂ ਅਵਿਨਾਸ਼ ਸਿੰਘ ਨਾਂ ਦੇ ਇੱਕ ਇਨਸਾਨ ਦੀ ਨਿਗ੍ਹਾ ਉਨ੍ਹਾਂ 'ਤੇ ਪਈ ਤੇ ਉਦੋਂ ਹੀ ਰਾਜਾ ਸਿੰਘ ਦੀ ਇਸ ਸੰਘਰਸ਼ਮਈ ਜ਼ਿੰਦਗੀ ਬਾਰੇ ਖੁਲਾਸਾ ਹੋਇਆ। ਅਵਿਨਾਸ਼ ਨੇ ਰਾਜਾ ਸਿੰਘ ਨਾਲ ਕੀਤੀ ਸਾਰੀ ਗੱਲਬਾਤ ਉਨ੍ਹਾਂ ਦੀ ਤਸਵੀਰ ਸਮੇਤ ਫੇਸਬੁੱਕ 'ਤੇ ਅਪਲੋਡ ਕਰ ਦਿੱਤੀ ਤੇ ਪੋਸਟ ਜ਼ਰੀਏ ਮਦਦ ਦੀ ਅਪੀਲ ਵੀ ਕੀਤੀ।

ਦੇਖਦੇ ਹੀ ਦੇਖਦੇ ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਤੇ ਲੱਖਾਂ ਲੋਕਾਂ ਤਕ ਪਹੁੰਚ ਗਈ। ਪੋਸਟ ਲਿਖਣ ਵਾਲੇ ਅਵਿਨਾਸ਼ ਸਿੰਘ ਨੇ ਦੱਸਿਆ ਕਿ ਇਸ ਪੋਸਟ ਤੋਂ ਬਾਅਦ ਉਨ੍ਹਾਂ ਨੂੰ ਸਾਢੇ ਤਿੰਨ ਹਜ਼ਾਰ ਕਾਲ ਤੇ ਪੰਜ ਹਜ਼ਾਰ ਮੈਸੇਜ ਆਏ। ਪੰਜਾਬੀ ਗਾਇਕ ਕਲੇਰ ਮਹਿੰਦੀ ਸਮੇਤ ਕਈ ਵੱਡੇ ਲੋਕਾਂ ਨੇ ਵੀ ਫ਼ੋਨ ਕੀਤੇ।

ਸੋਮਵਾਰ ਨੂੰ ਸਵੇਰੇ 7 ਵਜੇ ਉਸੇ ਸ਼ੌਚਾਲਿਆ 'ਤੇ ਜਦ 'ਏਬੀਪੀ ਨਿਊਜ਼' ਦੀ ਟੀਮ ਪਹੁੰਚੀ ਤਾਂ ਉੱਥੇ ਦੇਖਿਆ ਕਿ ਵਾਇਰਲ ਪੋਸਟ ਪੜ੍ਹ ਕੇ ਰਾਜਾ ਸਿੰਘ ਦੀ ਮਦਦ ਲਈ ਸਿੱਖ ਭਾਈਚਾਰੇ ਦੇ ਕਈ ਲੋਕ ਵੀ ਉੱਥੇ ਪਹੁੰਚੇ ਹੋਏ ਸਨ। ਉਹ ਲੋਕ ਰਾਜਾ ਸਿੰਘ ਸਿੱਖ ਬਿਰਧ ਆਸ਼ਰਮ ਲਿਜਾ ਕੇ ਉਨ੍ਹਾਂ ਦੀ ਮਦਦ ਕਰਨਾ ਚਾਹੁੰਦੇ ਸਨ।

ਰਾਜਾ ਸਿੰਘ ਨੇ ਦੱਸਿਆ, "ਲੋਕ ਵਾਰ-ਵਾਰ ਮੈਨੂੰ ਆਸ਼ਰਮ ਜਾਣ ਲਈ ਕਹਿ ਰਹੇ ਹਨ, ਮੈਂ ਉਨ੍ਹਾਂ ਮਨ੍ਹਾ ਨਹੀਂ ਕਰ ਸਕਦਾ, ਇਨ੍ਹਾਂ ਨਾਲ ਆਸ਼ਰਮ ਜਾਵਾਂਗਾ ਪਰ ਮੈਂ ਆਪਣਾ ਕੰਮ ਕਰਦਾ ਰਹਾਂਗਾ। ਮੈਨੂੰ ਮਦਦ ਲੈਣਾ ਪਸੰਦ ਨਹੀਂ ਹੈ।"