ਜੈਪੁਰ: ਰਾਜਸਥਾਨ ਵਿੱਚ ਲੋਕ ਤੇਜ਼ ਗਰਮੀ ਨਾਲ ਤਰਾਹ-ਤਰਾਹ ਕਰ ਰਹੇ ਹਨ। ਤਪਸ਼ ਇੰਨੀ ਹੈ ਕਿ ਇੱਥੇ ਬਿਨ੍ਹਾ ਕਿਸੇ ਚੁੱਲ੍ਹੇ ਮਹਿਜ਼ ਰੇਤ 'ਤੇ ਹੀ ਆਮਲੇਟ ਤੇ ਪਾਪੜ ਪਕਾਏ ਜਾ ਰਹੇ ਹਨ। ਸੂਬੇ ਦੇ ਚੁਰੂ ਵਿੱਚ ਪਾਰਾ 47.4 ਡਿਗਰੀ ਸੈਲਸੀਅਸ ਤੋਂ ਉੱਪਰ ਹੈ। 'ਏਬੀਪੀ ਨਿਊਜ਼' ਦੀ ਟੀਮ ਨੇ ਪ੍ਰੋ. ਹੇਮੰਤ ਮੰਗਲ ਨਾਲ ਚੁਰੂ ਦੇ ਇਲਾਕੇ ਵਿੱਚ ਤਪਸ਼ ਨੂੰ ਜਾਂਚਣ ਲਈ ਇਹ ਪ੍ਰਯੋਗ ਕੀਤਾ। ਪਲੇਟ ਵਿੱਚ ਆਂਡੇ ਤੋੜ ਕੇ ਰੱਖੇ ਗਏ ਤੇ ਕੁਝ ਦੇਰ ਬਾਅਦ ਵੇਖਿਆ ਕੇ ਆਮਲੇਟ ਪੱਕ ਗਿਆ ਸੀ। ਰੇਤ 'ਤੇ ਪਾਪੜ ਵੀ ਸੇਕੇ ਗਏ। ਮੋਮਬੱਤੀ ਵੀ ਪਲਾਂ ਵਿੱਚ ਪਿਘਲ ਗਈ।


ਸ਼ਨੀਵਾਰ ਨੂੰ ਪ੍ਰਦੇਸ਼ ਦੇ ਬੀਕਾਨੇਰ ਵਿੱਚ 47.1 ਡਿਗਰੀ, ਬਾੜਮੇਰ ਵਿੱਚ 47, ਕੋਟਾ ਵਿੱਚ 46.7 ਡਿਗਰੀ ਤੇ ਜੋਧਪੁਰ ਵਿੱਚ ਤਾਪਮਾਨ 46.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤੇਜ਼ ਗਰਮੀ ਤੇ ਲੂ ਦਾ ਕਹਿਰ ਐਤਵਾਰ ਨੂੰ ਵੀ ਜਾਰੀ ਰਹੇਗਾ। ਸੂਬੇ ਵਿੱਚ ਪਿਛਲੇ ਕਈ ਦਿਨਾਂ ਤੋਂ ਤੇਜ਼ ਗਰਮੀ ਪੈ ਰਹੀ ਹੈ।

ਇਸੇ ਦੌਰਾਨ ਕੇਰਲ ਵਿੱਚ 8 ਦਿਨਾਂ ਦੀ ਦੇਰੀ ਬਾਅਦ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਮਾਨਸੂਨ ਪਹੁੰਚਦਿਆਂ ਹੀ ਇੱਥੋਂ ਦੇ ਲਗਪਗ ਸਾਰੇ ਇਲਾਕਿਆਂ ਵਿੱਚ ਜਲਥਲ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ ਮਾਨਸੂਨ ਦੇ ਕੇਰਲ ਵਿੱਚ ਦੇਰੀ ਨਾਲ ਪਹੁੰਚਣ ਕਰਕੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਮਾਨਸੂਨ ਦੀ ਬਾਰਸ਼ ਵਿੱਚ ਦੇਰੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਸਾਫ ਕਰ ਦਿੱਤਾ ਹੈ ਕਿ ਮਾਨਸੂਨ ਵਿੱਚ ਦੇਰੀ ਦਾ ਬਾਰਸ਼ 'ਤੇ ਕੋਈ ਅਸਰ ਨਹੀਂ ਪੈਂਦਾ। ਵਿਭਾਗ ਨੇ ਦੱਸਿਆ ਕਿ ਬਾਰਸ਼ ਅਨੁਮਾਨ ਦੇ ਮੁਤਾਬਕ ਹੋਏਗੀ।