ਜੈਪੁਰ: ਰਾਜਸਥਾਨ ਵਿੱਚ ਚਾਰ ਮਹੀਨੇ ਦੀ ਮਾਸੂਮ ਬੱਚੀ ਦੀ ਮਾਂ ਵੱਲੋਂ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਨਵੇਂ-ਨਵੇਂ ਖ਼ੁਲਾਸੇ ਹੋ ਰਹੇ ਹਨ। ਹੱਤਿਆ ਦੀ ਦੋਸ਼ੀ ਮਾਂ ਨੇਹਾ ਨੇ ਕਬੂਲ ਕੀਤਾ ਹੈ ਕਿ ਉਸ ਨੇ ਕਤਲ ਕਰਨ ਤੋਂ 7 ਦਿਨ ਪਹਿਲਾਂ ਵੀ ਬੱਚੀ ਨੂੰ ਗਲ਼ਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਨੇਹਾ ਨੇ ਇਹ ਹਰਕਤ ਪੜ੍ਹੀ-ਲਿਖੀ ਹੋਣ ਦੇ ਬਾਵਜੂਦ ਕੀਤੀ ਹੈ।
ਪੁਲਿਸ ਅਨੁਸਾਰ ਨੇਹਾ ਨੇ ਦਿੱਲੀ ਯੂਨੀਵਰਸਿਟੀ ਤੋਂ ਅੰਗਰੇਜ਼ੀ ਵਿੱਚ ਗਰੂਜੇਸ਼ਨ ਕੀਤੀ ਹੋਈ ਹੈ। ਪੁਲਿਸ ਅਨੁਸਾਰ ਨੇਹਾ ਦੇ ਮੋਬਾਈਲ ਡਾਟਾ ਤੋਂ ਪਤਾ ਲੱਗਾ ਹੈ ਕਿ ਉਹ ਗੂਗਲ ਉੱਤੇ ਬੇਟਾ ਪੈਦਾ ਹੋਣ ਦੇ ਤਰੀਕੇ ਤੇ ਦਵਾਈਆਂ ਦੀ ਖੋਜ ਕਰਦੀ ਸੀ। ਪੁਲਿਸ ਅਨੁਸਾਰ ਨੇਹਾ ਨੇ ਚਾਕੂ ਨਾਲ ਆਪਣੀ ਧੀ ਦੇ ਸੀਨੇ ਉੱਤੇ 16 ਵਾਰ ਕੀਤੇ। ਨੇਹਾ ਨੇ ਕਬੂਲ ਕੀਤਾ ਹੈ ਕਿ ਉਸ ਨੇ ਕਤਲ ਤੋਂ ਪਹਿਲਾਂ ਗਲ਼ਾ ਦਬਾਅ ਕੇ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕਿਸੇ ਦੇ ਘਰ ਆਉਣ ਕਾਰਨ ਉਸ ਨੇ ਆਪਣੀ ਯੋਜਨਾ ਮੁਲਤਵੀ ਕਰ ਦਿੱਤੀ। ਉਸ ਸਮੇਂ ਦੌਰਾਨ ਬੱਚੀ ਦੀ ਹਾਲਤ ਖ਼ਰਾਬ ਹੋ ਗਈ ਤੇ ਉਸ ਦਾ ਸੱਤ ਦਿਨ ਤੱਕ ਹਸਪਤਾਲ ਵਿੱਚ ਇਲਾਜ ਚੱਲਿਆ।
25 ਅਗਸਤ ਨੂੰ ਬੱਚੀ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲੀ ਤੇ 26 ਅਗਸਤ ਨੂੰ ਨੇਹਾ ਨੇ ਇਸ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਨੇਹਾ ਨੇ ਬੱਚੀ ਦੀ ਲਾਸ਼ ਨੂੰ ਏ.ਸੀ. ਦੇ ਬਕਸੇ ਵਿੱਚ ਲੁਕਾ ਕੇ ਰੱਖ ਦਿੱਤਾ। ਕਤਲ ਤੋਂ ਬਾਅਦ ਨੇਹਾ ਨੇ ਘਰ ਵਿੱਚ ਸ਼ੋਰ ਮਚਾ ਦਿੱਤਾ ਕਿ ਉਸ ਦੀ ਬੱਚੀ ਨੂੰ ਕੋਈ ਚੁੱਕ ਕੇ ਲੈ ਗਿਆ। ਜਦੋਂ ਬੱਚੀ ਦੀ ਭਾਲ ਕੀਤੀ ਗਈ ਤਾਂ ਉਹ ਮ੍ਰਿਤਕ ਹਾਲਤ ਵਿੱਚ ਏ.ਸੀ. ਦੇ ਡੱਬੇ ਵਿੱਚੋਂ ਮਿਲੀ।
ਪੁਲਿਸ ਅਨੁਸਾਰ ਨੇਹਾ ਦੇ ਘਰ ਪਹਿਲਾਂ ਹੀ ਇੱਕ ਬੇਟੀ ਸੀ ਤੇ ਉਸ ਨੂੰ ਦੂਜੀ ਵਾਰ ਬੇਟਾ ਹੋਣਾ ਦੀ ਉਮੀਦ ਸੀ ਪਰ ਦੂਜੀ ਵਾਰ ਬੇਟੀ ਹੋਣ ਉੱਤੇ ਉਸ ਨੇ ਇਸ ਦਾ ਕਤਲ ਕਰਨ ਦੀ ਯੋਜਨਾ ਘੜ ਲਈ।