ਨਵੀਂ ਦਿੱਲੀ: ਰਾਜੀਵ ਗਾਂਧੀ ਦੇ ਕਾਤਲ 'ਤੇ ਜੇਲ੍ਹ 'ਚ ਹੋਇਆ ਹੈ ਕਾਤਲਾਨਾ ਹਮਲਾ। ਵੈਲੋਰ ਜੇਲ੍ਹ 'ਚ ਬੰਦ ਰਾਜੀਵ ਗਾਂਧੀ ਕਤਲ ਕਾਂਡ ਦੇ 7 ਦੋਸ਼ੀ ਕੈਦੀਆਂ 'ਚੋਂ ਇੱਕ ਏ.ਜੀ. ਪੈਰਾਰਿਵੇਲਨ 'ਤੇ ਅੱਜ ਜੇਲ੍ਹ 'ਚ ਬੰਦ ਹੋਰ ਕੈਦੀ ਨੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਹਮਲੇ 'ਚ ਉਸ ਨੂੰ ਕਈ ਸੱਟਾਂ ਲੱਗੀਆਂ ਹਨ। ਹਲਾਂਕਿ ਪੈਰਾਰਿਵੇਲਨ ਨੂੰ ਜੇਲ੍ਹ 'ਚ ਸਭ ਤੋਂ ਵੱਧ ਸੁਰੱਖਿਆ ਵਾਲੇ ਸੈੱਲ 'ਚ ਰੱਖਿਆ ਗਿਆ ਸੀ ਪਰ ਰਾਜੇਸ਼ ਖੰਨਾ ਨਾਮੀ ਕੈਦੀ ਨੇ ਮੌਕਾ ਵੇਖ ਕੇ ਇਸ ਹਮਲੇ ਨੂੰ ਅੰਜਾਮ ਦਿੱਤਾ।





ਹਾਸਲ ਜਾਣਕਾਰੀ ਮੁਤਾਬਕ ਹਮਲਾਵਰ ਕੈਦੀ ਰਾਜੇਸ਼ ਖੰਨਾ ਕਤਲ ਦੇ ਮਾਮਲੇ 'ਚ ਸਜ਼ਾ ਕੱਟ ਰਿਹਾ ਹੈ। ਇਸ ਹਮਲੇ 'ਚ ਪੈਰਾਰਿਵੇਲਨ ਦੇ ਮੱਥੇ ਤੇ ਬਾਹਾਂ 'ਤੇ ਸੱਟਾਂ ਲੱਗੀਆਂ ਹਨ। ਇਸ 'ਤੇ ਤੁਰੰਤ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜੇਲ੍ਹ ਪ੍ਰਸ਼ਾਸਨ ਮੁਤਾਬਕ ਉਸ ਦੀ ਹਾਲਤ 'ਚ ਸੁਧਾਰ ਆਇਆ ਹੈ। ਜੇਲ੍ਹ ਪ੍ਰਸ਼ਾਸਨ ਮੁਤਾਬਕ ਭਾਰੀ ਸੁਰੱਖਿਆ ਵਾਲੇ ਸੈੱਲ 'ਚ ਹੋਏ ਇਸ ਹਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।





ਦੇਸ਼ ਦੇ ਮਰਹੂਮ ਪ੍ਰਧਾਨਮੰਤਰੀ ਰਜੀਵ ਗਾਂਧੀ ਨੂੰ 21 ਮਈ 1991 ਨੂੰ ਸ਼੍ਰੀਪੇਰੰਮਬਦੂਰ ਦੇ ਨੇੜੇ ਇੱਕ ਆਤਮਘਾਤੀ ਬੰਬਰ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਮਾਮਲੇ 'ਚ ਮੁਰਗਨ, ਸੰਤਨ, ਪੈਰਾਰਿਵੇਲਨ, ਨਲਿਨੀ, ਰਾਬਰਟ ਪਾਇਸ, ਜੈਕੁਮਾਰ ਤੇ ਰਵੀ ਚੰਦਰਣ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਇਨ੍ਹਾਂ ਸਾਰਿਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਰ ਬਾਅਦ 'ਚ ਇਸ ਸਜ਼ਾ ਨੂੰ ਫਰਵਰੀ 2014 'ਚ ਉਮਰ ਕੈਦ 'ਚ ਬਦਲ ਦਿੱਤਾ ਗਿਆ ਸੀ।