ਪਟਨਾ: ਬਿਹਾਰ ‘ਚ ਲਗਾਤਾਰ ਦਿਮਾਗੀ ਬੁਖਾਰ ਨਾਲ ਬੱਚਿਆਂ ਦੀ ਮੌਤ ਹੋ ਰਹੀ ਹੈ। ਇਸ ਨਾਲ ਪੂਰੇ ਦੇਸ਼ ‘ਚ ਗੁੱਸੇ ਦੀ ਲਹਿਰ ਹੈ। ਇਸ ਦੇ ਨਾਲ ਹੀ ਆਏ ਦਿਨ ਹੀ ਬਿਹਾਰ ਦੇ ਨੇਤਾਵਾਂ ਦੇ ਅਜੀਬੋ-ਗਰੀਬ ਬਿਆਨ ਵੀ ਸਾਹਮਣੇ ਆਉਂਦੇ ਰਹਿੰਦੇ ਹਨ। ਹੁਣ ਬਿਹਾਰ ਦੇ ਸਾਰਜ਼ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਰਾਜੀਵ ਪ੍ਰਤਾਪ ਰੂਡੀ ਨੇ ਕਿਹਾ ਕਿ ਬੱਚਿਆਂ ਦੀ ਮੌਤ ਲਈ ਸਿਫਰ ਲੀਚੀ ਨੂੰ ਕਸੂਰ ਨਹੀਂ ਦੇਣਾ ਚਾਹੀਦਾ। ਉਨ੍ਹਾਂ ਨੇ ਇਸ ਬਿਮਾਰੀ ਪਿੱਛੇ ਚੀਨ ਦੀ ਸਾਜਿਸ਼ ਹੋਣ ਦਾ ਸ਼ੱਕ ਜਤਾਇਆ ਹੈ।

ਰਾਜੀਵ ਪ੍ਰਤਾਪ ਰੂਡੀ ਨੇ ਕਿਹਾ, “ਮੈਨੂੰ ਬਚਪਨ ਤੋਂ ਲੀਚੀ ਪਸੰਦ ਹੈ ਤੇ ਇਹ ਤੁਹਾਨੂੰ ਸਭ ਨੂੰ ਵੀ ਪਸੰਦ ਹੋਵੇਗੀ। ਇਹ 15 ਦਿਨਾਂ ਦੀ ਫਸਲ ਹੈ। ਪੂਰੀ ਦੁਨੀਆ ‘ਚ ਜਿੰਨੀ ਲੀਚੀ ਦੀ ਫਸਲ ਹੈ, ਉਸ ਵਿੱਚੋਂ 40% ਹਿੱਸੇਦਾਰੀ ਭਾਰਤ ਦੀ ਹੈ। ਇਸ ਤੋਂ ਬਾਅਦ ਜੇਕਰ ਕਿਤੇ ਲੀਚੀ ਹੁੰਦੀ ਹੈ ਤਾਂ ਉਹ ਚੀਨ ਹੈ।”

ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, “ਹੁਣ ਸਮਝਣਾ ਜ਼ਰੂਰੀ ਹੈ ਕਿ ਲੀਚੀ ਖਾਣ ਨਾਲ ਬੱਚੇ ਮਰੇ ਜਾਂ ਕੋਈ ਹੋਰ ਕਾਰਨ ਹੈ। ਕਿਤੇ ਇਹ ਸਾਜਿਸ਼ ਤਾਂ ਨਹੀਂ। ਚਿੰਤਾ ਦਾ ਵਿਸ਼ਾ ਸਿਰਫ ਇਹ ਹੈ ਕਿ ਲੋਕ ਅੱਜ ਲੀਚੀ ਖਾਣੀ ਛੱਡ ਰਹੇ ਹਨ। ਘਰਾਂ ‘ਚ ਨਹੀਂ ਲੈ ਕੇ ਜਾ ਰਹੇ। ਇਹ ਬੱਚੇ ਮਰੇ ਤਾਂ ਕਿਉਂ ਮਰੇ? ਕੀ ਇਹ ਚੀਨ ਕਰਕੇ ਹੈ...ਮੈਂ ਕਿਸੇ ‘ਤੇ ਇਲਜ਼ਾਮ ਨਹੀਂ ਲਾ ਰਿਹਾ, ਕਿਤੇ ਇਹ ਕੋਈ ਸਾਜਿਸ਼ ਤਾਂ ਨਹੀ। ਮੈਂ ਸੱਚਾਈ ਜਾਣਨੀ ਹੈ ਤਾਂ ਜੋ ਕਿਸਾਨਾਂ ਦਾ ਨੁਕਸਾਨ ਨਾ ਹੋਵੇ।”