Opposition protest on Lakhimpur Violence: ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਅੱਜ ਵੀ ਵਿਰੋਧੀ ਧਿਰ ਦਾ ਹੰਗਾਮਾ ਜਾਰੀ ਰਿਹਾ। ਹੁਣ ਵਿਰੋਧੀ ਧਿਰ ਲਖੀਮਪੁਰ ਹਿੰਸਾ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਬਰਖਾਸਤ ਕਰਨ ਦੀ ਮੰਗ ਕਰ ਰਹੀ ਹੈ। ਇਸ ਦੇ ਨਾਲ ਹੀ ਰਾਜ ਸਭਾ ਵਿੱਚ 12 ਸੰਸਦ ਮੈਂਬਰਾਂ ਦੀ ਮੁਅੱਤਲੀ ਰੱਦ ਕਰਨ ਦੀ ਵੀ ਮੰਗ ਕੀਤੀ ਗਈ ਹੈ। 12 ਸੰਸਦ ਮੈਂਬਰਾਂ ਦੀ ਮੁਅੱਤਲੀ ਰੱਦ ਕਰਨ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
ਰਾਜ ਸਭਾ 'ਚ ਕਾਂਗਰਸ ਨੇ ਮੁਅੱਤਲ ਸੰਸਦ ਮੈਂਬਰਾਂ ਨਾਲ ਲਖੀਮਪੁਰ ਦਾ ਮੁੱਦਾ ਵੀ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਸਪੀਕਰ ਨੇ ਕਿਹਾ ਕਿ ਲਿਖਤੀ ਨੋਟਿਸ ਨਹੀਂ ਦਿੱਤਾ ਗਿਆ ਹੈ, ਇਸ ਲਈ ਇਸ ਮਾਮਲੇ 'ਤੇ ਚਰਚਾ ਨਹੀਂ ਕੀਤੀ ਜਾ ਸਕਦੀ। ਇਸ ਤੋਂ ਬਾਅਦ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ, ਅਜੇ ਮਿਸ਼ਰਾ ਟੈਣੀ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ, ਮੰਤਰੀ ਨੇ ਲਖੀਮਪੁਰ ਕਤਲੇਆਮ ਤੋਂ ਠੀਕ ਪਹਿਲਾਂ ਧਮਕੀ ਦਿੱਤੀ ਸੀ।
ਕਾਂਗਰਸ ਨੇ ਲੋਕ ਸਭਾ 'ਚ ਮੁਲਤਵੀ ਨੋਟਿਸ ਦਿੱਤਾ
ਕਾਂਗਰਸ ਦੇ ਸੰਸਦ ਮੈਂਬਰਾਂ ਨੇ ਬੁੱਧਵਾਰ ਨੂੰ ਲਖੀਮਪੁਰ ਖੇੜੀ ਕਾਂਡ 'ਤੇ ਚਰਚਾ ਕਰਨ ਲਈ ਲੋਕ ਸਭਾ ਵਿਚ ਕਈ ਮੁਲਤਵੀ ਨੋਟਿਸ ਦਿੱਤੇ ਅਤੇ ਐਸਆਈਟੀ ਦੀ ਰਿਪੋਰਟ ਵਿਚ ਹਿੰਸਾ ਨੂੰ "ਪੂਰਵ-ਯੋਜਨਾਬੱਧ" ਕਰਾਰ ਦਿੱਤੇ ਜਾਣ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਹਟਾਉਣ ਦੀ ਮੰਗ ਕੀਤੀ। ਰਾਹੁਲ ਗਾਂਧੀ ਨੇ ਪਾਰਟੀ ਦੇ ਚੀਫ਼ ਵ੍ਹਿਪ ਕੇ ਸੁਰੇਸ਼ ਅਤੇ ਮਾਨਿਕਮ ਟੈਗੋਰ ਨਾਲ ਮਿਲ ਕੇ ਟੈਨੀ ਨੂੰ ਹਟਾਉਣ ਲਈ ਦਬਾਅ ਪਾਇਆ। ਉਸ ਦੇ ਪੁੱਤਰ ਨੇ 3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿਖੇ ਤਿੰਨ ਵਿਵਾਦਗ੍ਰਸਤ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਚਾਰ ਕਿਸਾਨਾਂ ਨੂੰ ਕਥਿਤ ਤੌਰ 'ਤੇ ਕੁਚਲ ਦਿੱਤਾ ਸੀ।
ਲਖੀਮਪੁਰ ਖੇੜੀ ਹਿੰਸਾ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਮੰਗਲਵਾਰ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ (ਸੀਜੇਐਮ) ਦੇ ਸਾਹਮਣੇ ਇੱਕ ਅਰਜ਼ੀ ਦਾਇਰ ਕਰਕੇ 13 ਮੁਲਜ਼ਮਾਂ ਵਿਰੁੱਧ ਨਵੀਂ ਧਾਰਾਵਾਂ ਲਗਾਉਣ ਲਈ ਉਨ੍ਹਾਂ ਦੇ ਅਪਰਾਧ ਨੂੰ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਸਜ਼ਾ ਯੋਗ ਬਣਾਉਣ ਲਈ ਸ਼ਾਮਲ ਕਰਨ ਦੀ ਬੇਨਤੀ ਕੀਤੀ। ਐਸਆਈਟੀ ਦੇ ਜਾਂਚ ਅਧਿਕਾਰੀ ਵਿਦਿਆਰਾਮ ਦਿਵਾਕਰ ਨੇ ਆਈਪੀਸੀ ਦੀਆਂ ਧਾਰਾਵਾਂ 279, 338 ਅਤੇ 304ਏ ਦੀ ਬਜਾਏ ਵਾਰੰਟ ਵਿੱਚ ਨਵੀਂ ਧਾਰਾਵਾਂ ਜੋੜਨ ਲਈ ਸੀਜੇਐਮ ਦੀ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ। ਆਪਣੀ ਅਰਜ਼ੀ ਵਿੱਚ, ਜਾਂਚ ਅਧਿਕਾਰੀ ਨੇ ਕਿਹਾ ਸੀ ਕਿ "ਘਟਨਾ ਚੰਗੀ ਤਰ੍ਹਾਂ ਯੋਜਨਾਬੱਧ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਸੀ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ