ਜੀਂਦ: ਬੀਤੇ ਦਿਨਾਂ ਤੋਂ ਜਾਟਾਂ ਵੱਲੋਂ ਸਖ਼ਤ ਵਿਰੋਧ ਦਾ ਸ਼ਿਕਾਰ ਹੋਈ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਦੀ ਰੈਲੀ ਅੱਜ ਆਖ਼ਰਕਾਰ ਨੇਪਰੇ ਚੜ੍ਹ ਗਈ। ਇਸ ਰੈਲੀ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੋਈ। ਸੈਣੀ ਨੇ ਰਿਕਾਰਡ ਤੋੜ ਭੀੜ ਇਕੱਠੀ ਕਰਦਿਆਂ ਨਵੀਂ ਸਿਆਸੀ ਪਾਰਟੀ ਬਣਾਉਣ ਦੇ ਸੰਕੇਤ ਦਿੱਤੇ।


ਆਪਣੀ ਤਿੱਖੀ ਸ਼ਬਦਾਵਲੀ ਲਈ ਮਸ਼ਹੂਰ ਰਾਜ ਕੁਮਾਰ ਸੈਣੀ ਨੇ ਕਈ ਮੁੱਦਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਦੇਸ਼ ਦੇ ਸੰਵਿਧਾਨਕ ਢਾਂਚੇ 'ਤੇ ਖੁੱਲ੍ਹ ਕੇ ਤੇ ਜ਼ੋਰਦਾਰ ਸ਼ਬਦੀ ਹਮਲੇ ਕੀਤੇ। ਉਨ੍ਹਾਂ ਰੈਲੀ ਵਿੱਚ ਮੌਜੂਦ ਲੋਕਾਂ ਤੋਂ ਜਦੋਂ ਇਹ ਪੁੱਛਿਆ ਕਿ ਭਵਿੱਖ ਵਿੱਚ ਨਵੀਂ ਸਿਆਸੀ ਪਾਰਟੀ ਬਣਾਉਣ ਬਾਰੇ ਉਨ੍ਹਾਂ ਦਾ ਕੀ ਵਿਚਾਰ ਹੈ ਤਾਂ ਜ਼ਿਆਦਾਤਰ ਨੇ ਹੱਥ ਖੜ੍ਹੇ ਕਰ ਕੇ ਸਮਰਥਨ ਦਾ ਪ੍ਰਗਟਾਵਾ ਕੀਤਾ।

ਸੈਣੀ ਨੇ ਕਿਹਾ ਕਿ ਜਾਤੀ ਆਧਾਰਤ ਰਾਖਵਾਂਕਰਨ ਕਰਨ ਦੀ ਲੋੜ ਨਹੀਂ ਸਗੋਂ ਸਾਰਿਆਂ ਨੂੰ 100 ਫ਼ੀਸਦੀ ਰਾਖਵਾਂਕਰਨ ਦੇ ਦੇਣਾ ਚਾਹੀਦਾ ਹੈ। ਸੈਣੀ ਮੁਤਾਬਕ ਹਰ ਪਰਿਵਾਰ ਵਿੱਚੋਂ ਇੱਕ ਵਿਅਕਤੀ ਨੂੰ ਰੁਜ਼ਗਾਰ ਮਿਲੇ ਤੇ ਹਮ ਦੋ ਹਮਾਰੇ ਦੋ ਦੀ ਨੀਤੀ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਉਣ ਦੀ ਲੋੜ ਹੈ।