ਅਯੋਧਿਆ ਮਾਮਲੇ ਦੀ ਸੁਣਵਾਈ ਫਿਰ ਲਟਕੀ, ਜਸਟਿਸ ਲਲਿਤ ਹੋਏ ਕੇਸ ਤੋਂ ਲਾਂਭੇ
ਏਬੀਪੀ ਸਾਂਝਾ | 10 Jan 2019 11:44 AM (IST)
ਨਵੀਂ ਦਿੱਲੀ: ਅਯੋਧਿਆ ਵਿੱਚ ਵਿਵਾਦਤ ਜ਼ਮੀਨ ਦੇ ਮਾਮਲੇ ਸਬੰਧੀ ਸੁਪਰੀਮ ਕੋਰਟ ਵਿੱਚ ਅੱਜ ਪੰਜ ਜੱਜਾਂ ਦੀ ਬੈਂਚ ਸੁਣਵਾਈ ਕਰਨ ਲਈ ਬੈਠੀ ਪਰ ਮੁਸਲਿਮ ਪੱਖ ਦੇ ਵਕੀਲ ਰਾਜੀਵ ਧਵਨ ਦੇ ਸਵਾਲ ਚੁੱਕਣ ਬਾਅਦ ਜਸਟਿਸ ਯੂਯੂ ਲਲਿਤ ਨੇ ਖ਼ੁਦ ਨੂੰ ਬੈਂਚ ਤੋਂ ਵੱਖਰਿਆਂ ਕਰ ਲਿਆ। ਉਨ੍ਹਾਂ ਕਿਹਾ ਕਿ ਉਹ ਇਸ ਬੈਂਚ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਉਨ੍ਹਾਂ ਦੇ ਇਸ ਕਦਮ ਬਾਅਦ ਚੀਫ਼ ਜਸਟਿਸ ਨੇ ਸੁਣਵਾਈ ਅਗਲੀ ਤਾਰੀਖ਼ ’ਤੇ ਟਾਲ਼ ਦਿੱਤੀ। ਹੁਣ ਇਸ ਮਾਮਲੇ ਸਬੰਧੀ 29 ਜਨਵਰੀ ਨੂੰ ਨਵੀਂ ਸੰਵਿਧਾਨਕ ਬੈਂਚ ਬੈਠੇਗੀ ਤੇ ਸੁਣਵਾਈ ਦੀ ਤਾਰੀਖ਼ ਸਬੰਧੀ ਫੈਸਲਾ ਕਰੇਗੀ। ਸੁਣਵਾਈ ਸ਼ੁਰੂ ਹੁੰਦਿਆਂ ਹੀ ਪੰਜ ਜੱਜਾਂ ਦੀ ਬੈਂਚ ਨੇ ਵੀਰਵਾਰ ਨੂੰ ਕਿਹਾ ਕਿ ਉਹ ਅੱਜ ਮਾਮਲੇ ਦੀ ਸੁਣਵਾਈ ਨਹੀਂ ਕਰਨਗੇ ਬਲਕਿ ਸਿਰਫ ਇਸ ਦੀ ਟਾਈਮਲਾਈਨ ਤੈਅ ਕਰਨਗੇ। ਚੀਫ਼ ਜਸਟਿਸ ਰੰਜਨ ਗੋਗੋਈ ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ। ਦੱਸ ਦੇਈਏ ਕਿ ਅੱਜ ਸੁਣਵਾਈ ਦੌਰਾਨ ਮੁਸਲਿਮ ਪੱਖ ਦੇ ਵਕੀਲ ਰਾਜੀਵ ਧਵਨ ਨੇ ਜਸਟਿਸ ਯੂਯੂ ਲਲਿਤ ’ਤੇ ਸਵਾਲ ਚੁੱਕੇ। ਰਾਜੀਵ ਧਵਨ ਨੇ ਕਿਹਾ ਕਿ 1994 ਦੇ ਕਰੀਬ ਜਸਟਿਸ ਯੂਯੂ ਲਲਿਤ ਕਲਿਆਣ ਸਿੰਘ ਲਈ ਪੇਸ਼ ਹੋਏ ਸੀ। ਉਨ੍ਹਾਂ ਨੂੰ ਜਸਟਿਸ ਲਲਿਤ ਦੀ ਸੁਣਵਾਈ ’ਤੇ ਇਤਰਾਜ਼ ਨਹੀਂ, ਉਹ ਖ਼ੁਦ ਤੈਅ ਕਰਨ। ਇਸ ਦੇ ਬਾਅਦ ਲਲਿਤ ਨੇ ਖ਼ੁਦ ਨੂੰ ਇਸ ਬੈਂਚ ਤੋਂ ਅਲੱਗ ਕਰ ਲਿਆ ਸੀ।