ਪੰਚਕੂਲਾ ਦੰਗਿਆਂ ਦੀ ਜਾਂਚ ਕਰ ਰਹੀ ਹਰਿਆਣਾ ਪੁਲਿਸ ਦੀ ਐਸ.ਆਈ.ਟੀ ਨੇ ਬਲਾਤਕਾਰੀ ਬਾਬੇ ਗੁਰਮੀਤ ਰਾਮ ਰਹੀਮ ਦੇ ਕੁੜਮ ਤੇ ਪੰਜਾਬ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ ਨੂੰ ਬੁੱਧਵਾਰ ਨੂੰ ਪੁੱਛ ਗਿੱਛ ਲਈ ਪੇਸ਼ ਹੋਣ ਦਾ ਨੋਟਿਸ ਦਿੱਤਾ ਹੈ। ਜੱਸੀ ਨੇ ਪੁਲਿਸ ਤੋਂ ਬਚਣ ਲਈ ਮੰਗਲਵਾਰ ਨੂੰ ਬਹਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਚੰਡੀਗੜ੍ਹ ਦੇ ਸੈਕਟਰ 21 ਵਿੱਚ ਇਕ ਵਕੀਲ ਦੀ ਸਲਾਹ ਲੈ ਕੇ ਜੱਸੀ ਪੇਸ਼ ਨਾ ਹੋਣ ਦੀ ਫਰਿਆਦ ਲਾਉਣ ਪੰਚਕੂਲਾ ਪੁਲਿਸ ਕੋਲ ਪੁਜੇ। ਜੱਸੀ ਕੋਲ ਵਕੀਲ ਦਾ ਬਣਿਆ ਇਕ ਜਵਾਬੀ ਕਾਗਜ਼ ਵੀ ਸੀ। ਪੁਲਿਸ ਨੇ ਜੱਸੀ ਦੀ ਇਕ ਨਾ ਸੁਣੀ ਤੇ ਨਾ ਹੀ ਵਕੀਲ ਦਾ ਕਾਗਜ਼ ਫੜਿਆ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਜੱਸੀ ਨੂੰ ਸਾਫ ਕਹਿ ਦਿੱਤਾ ਗਿਆ ਕਿ ਉਹ ਬੁੱਧਵਾਰ ਸਵੇਰੇ ਚੁੱਪ ਚਾਪ ਪੇਸ਼ ਹੋਣ। ਹਰਮਿੰਦਰ ਜੱਸੀ ਬਠਿੰਡਾ ਦਾ ਵਸਨੀਕ ਹੈ ਤੇ ਉਹਨਾਂ ਦੀ ਬੇਟੀ ਦਾ ਵਿਆਹ ਰਾਮ ਰਹੀਮ ਦੇ ਮੁੰਡੇ ਜਸਮੀਤ ਨਾਲ ਹੋਇਆ ਸੀ। ਪੁਲਿਸ ਨੂੰ ਸ਼ੱਕ ਹੈ ਕਿ ਹਨੀਪ੍ਰੀਤ ਬਠਿੰਡਾ ਵਿੱਚ ਜਿੰਨੇ ਦਿਨ ਲੁਕੀ ਰਹੀ ਉਸਨੂੰ ਕਿਸੇ ਰਸੁਖਦਾਰ ਬੰਦੇ ਦੀ ਸ਼ਹਿ ਸੀ। ਐਸਆਈਟੀ ਇਹ ਵੀ ਜਾਨਣਾ ਚਾਉਂਦੀ ਹੈ ਕਿ ਹਨੀਪ੍ਰੀਤ ਨੂੰ ਅੰਡਰ ਗਰਾਊਂਡ ਕਰਨ ਵਿੱਚ ਜੱਸੀ ਦਾ ਰੋਲ ਸੀ ਜਾਂ ਨਹੀਂ। ਇਸਦੇ ਨਾਲ ਹੀ ਪੰਚਕੂਲਾ ਪੁਲਿਸ ਨੂੰ ਸ਼ੱਕ ਹੈ ਕਿ 25 ਅਗਸਤ ਨੂੰ ਪੰਚਕੂਲਾ ਵਿੱਚ ਹੋਏ ਦੰਗਿਆਂ ਵਾਲੇ ਦਿਨ ਉਹ ਵੀ ਪੰਚਕੂਲਾ ਵਿੱਚ ਹੀ ਮੌਜੂਦ ਸੀ। ਪੁਲਿਸ ਉਸਨੂੰ ਇਸ ਬਾਰੇ ਵੀ ਪੁੱਛ ਗਿੱਛ ਕਰੇਗੀ।