ਮੁਜ਼ੱਫਰਨਗਰ: ਉੱਤਰ ਪ੍ਰਦੇਸ਼ ਵਿੱਚ ਮੁਜ਼ੱਫਰਨਗਰ ਦੇ ਅਤੋਲੀ ਤੋਂ ਭਾਜਪਾ ਵਿਧਾਇਕ ਵਿਕਰਮ ਸੈਣੀ ਨੇ ਇੱਕ ਵਾਰ ਫਿਰ ਵਿਵਾਦਤ ਬਿਆਨ ਦਿੱਤਾ ਹੈ। ਇੱਕ ਸਮਾਗਮ ਵਿੱਚ ਸ਼ਾਮਲ ਹੋਣ ਪੁੱਜੇ ਵਿਕਰਮ ਸੈਣੀ ਨੇ ਮੰਚ ਤੋਂ ਕੁਝ ਅਜਿਹਾ ਕਿਹਾ ਜਿਸ 'ਤੇ ਵਿਵਾਦ ਖੜ੍ਹਾ ਹੋ ਸਕਦਾ ਹੈ।

ਵਿਧਾਇਕ ਸੈਣੀ ਨੇ ਸਾਰੀਆਂ ਮਰਿਆਦਾਵਾਂ ਨੂੰ ਤਾਕ 'ਤੇ ਰੱਖਦਿਆਂ ਕਿਹਾ, "ਮੈਂ ਕੱਟੜਵਾਦੀ ਹਿੰਦੂ ਹਾਂ ਤੇ ਸਾਡੇ ਲਈ ਹਿੰਦੁਸਤਾਨ ਸਭ ਤੋਂ ਪਹਿਲਾਂ ਹੈ। ਇਹ ਹਿੰਦੂਆਂ ਦਾ ਦੇਸ਼ ਹੈ। ਕੁਝ ਨਾਲਾਇਕ ਨੇਤਾਵਾਂ ਨੇ ਇਨ੍ਹਾਂ "ਦਾਹੜੀਵਾਲਿਆਂ" ਨੂੰ ਇੱਥੇ ਰੋਕ ਦਿੱਤਾ ਸੀ, ਜਿਸ ਨਾਲ ਅੱਜ ਅਸੀਂ ਮੁਸੀਬਤ ਵਿੱਚ ਹਾਂ। ਜੇਕਰ ਇਹ ਚਲੇ ਜਾਂਦੇ ਤਾਂ ਜੋ ਅੱਜ ਜੋ ਵੀ ਧੰਨ, ਦੌਲਤ ਜ਼ਮੀਨ ਪਈ ਹੈ, ਇਹ ਸਭ ਹਿੰਦੂਆਂ ਦੀ ਹੀ ਹੁੰਦੀ।"

ਇੰਨਾ ਹੀ ਨਹੀਂ ਭਾਜਪਾ ਵਿਧਾਇਕ ਨੇ ਅੱਗੇ ਕਿਹਾ ਕਿ ਤੁਸੀਂ ਸੱਤਾ ਪਹਿਲਾਂ ਵੀ ਵੇਖੀ ਹੋਵੇਗੀ ਤੇ ਹੁਣ ਵੀ ਦੇਖ ਰਹੇ ਹੋਵੋਗੇ। ਅੱਜ ਦੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਹਿੰਦੇ ਹਨ ਕਿ ਸਭਕਾ ਹਾਥ ਸਭਕਾ ਵਿਕਾਸ, ਕੋਈ ਜਾਤੀਵਾਦ ਨਹੀਂ। ਹੁਣ ਕੰਨਿਆ ਵਿੱਦਿਆ ਧਨ ਹੋਵੇ ਜਾਂ ਕੁਝ ਹੋਰ ਸਭ ਨੂੰ ਬਰਾਬਰ ਮਿਲਦਾ ਹੈ। ਪਹਿਲਾਂ ਜਿਸ ਦੀ ਜਿੰਨੀ ਲੰਬੀ ਦਾਹੜੀ ਦੇਖੀ ਉਸ ਨੂੰ ਓਨਾਂ ਵੱਡਾ ਚੈੱਕ ਮਿਲ ਜਾਂਦਾ ਸੀ।

ਪੂਰੇ ਸਮਾਗਮ ਦੇ ਦੌਰਾਨ ਭਰੇ ਮੰਚ ਤੋਂ ਵਿਧਾਇਕ ਵਿਕਰਮ ਸੈਣੀ ਦੇ ਮਨ ਵਿੱਚ ਜੋ ਆਇਆ, ਉਹ ਬੋਲਦੇ ਚਲੇ ਗਏ। ਸ਼ਾਇਦ ਇਨ੍ਹਾਂ ਨੂੰ ਨਾ ਸਮਾਜਿਕ ਸਦਭਾਵ ਦੀ ਚਿੰਤਾ ਹੈ ਤੇ ਨਾ ਦੂਜਿਆਂ ਦੀਆਂ ਭਾਵਨਾਵਾਂ ਦੀ ਜਿਸ ਦਾ ਤਾਣਾਬਾਣਾ ਇਨ੍ਹਾਂ ਦੇ ਬੇਤੁੱਕੇ ਬਿਆਨਾਂ ਨਾਲ ਵਿਗੜ ਸਕਦਾ ਹੈ।