ਨਵੀਂ ਦਿੱਲੀ: ਯੋਗੀ ਆਦਿੱਤਿਆਨਾਥ ਦੀ ਯੂ.ਪੀ. ਸਰਕਾਰ 'ਚ ਕੈਬਨਿਟ ਮੰਤਰੀ ਸਿਧਾਰਥਨਾਥ ਸਿੰਘ ਨੇ ਰਾਮ ਮੰਦਰ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਸਿਧਾਰਥਨਾਥ ਸਿੰਘ ਮੁਤਾਬਕ ਇਲਾਹਾਬਾਦ 'ਚ ਲੱਗਣ ਵਾਲੇ ਛੋਟੇ ਕੁੰਭ ਮੇਲੇ ਤੋਂ ਪਹਿਲਾਂ ਅਯੁੱਧਿਆ 'ਚ ਭਗਵਾਨ ਰਾਮ ਦੇ ਮੰਦਰ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਇਹ ਦਾਅਵਾ ਇਸ ਲਈ ਕਰ ਰਹੇ ਹਨ ਕਿਉਂਕਿ ਮੰਦਰ ਬਣਾਉਣ ਲਈ ਦੂਜੇ ਪਾਸੇ ਦੇ ਲੋਕਾਂ ਦਾ ਨਜ਼ਰੀਆ ਨਰਮ ਪੈਣ ਲੱਗ ਪਿਆ ਹੈ। ਇਸ ਦੇ ਨਾਲ ਹੀ ਹੁਣ ਪੌਜੀਟਿਵ ਮਾਹੌਲ ਵੀ ਤਿਆਰ ਹੋ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਸਿਧਾਰਥਨਾਥ ਸਿੰਘ ਯੂਪੀ ਬੀਜੇਪੀ ਦੇ ਬੁਲਾਰੇ ਵੀ ਹਨ। ਸਿਧਾਰਥਨਾਥ ਨੇ ਆਪਣੇ ਦਾਅਵੇ ਨੂੰ ਪੱਕਾ ਦੱਸਣ ਲਈ ਸਵਾਮੀ ਬ੍ਰਹਮ ਯੋਗਾਨੰਦ ਦੀ ਭਵਿੱਖਵਾਣੀ ਦਾ ਵੀ ਸਹਾਰਾ ਲਿਆ। ਉਨ੍ਹਾਂ ਮੁਤਾਬਕ ਸਵਾਮੀ ਯੋਗਾਨੰਦ ਨੇ ਨਰਿੰਦਰ ਮੋਦੀ ਦੇ ਪੀਐਮ ਬਣਨ ਸਮੇਤ ਜਿਹੜੀਆਂ ਵੀ ਭਵਿੱਖਵਾਣੀਆਂ ਕੀਤੀਆਂ, ਉਹ ਸਾਰੀਆਂ ਸੱਚ ਸਾਬਤ ਹੋਈਆਂ। ਸਵਾਮੀ ਨੇ ਕਈ ਸਾਲ ਪਹਿਲਾਂ ਇਹ ਭਵਿੱਖਵਾਣੀ ਕੀਤੀ ਸੀ ਕਿ ਸਾਲ 2019 ਤੋਂ ਪਹਿਲਾਂ ਹੀ ਰਾਮ ਮੰਦਰ ਦਾ ਕੰਮ ਸ਼ੁਰੂ ਹੋ ਜਾਵੇਗਾ। ਸਿਧਾਰਥਨਾਥ ਸਿੰਘ ਨੇ ਮੰਦਰ ਦਾ ਕੰਮ ਸ਼ੁਰੂ ਹੋਣ ਦਾ ਦਾਅਵਾ ਵੀਰਵਾਰ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇਲਾਹਾਬਾਦ ਵਾਲੇ ਦਫਤਰ 'ਚ ਹੋਏ ਪ੍ਰੋਗਰਾਮ 'ਚ ਕੀਤਾ। ਉਨ੍ਹਾਂ ਕਿਹਾ ਕਿ ਰਾਮ ਮੰਦਰ ਹਮੇਸ਼ਾ ਬੀਜੇਪੀ ਦੇ ਏਜੰਡੇ 'ਚ ਰਿਹਾ ਹੈ ਤੇ ਪਾਰਟੀ ਕਦੇ ਉਸ ਤੋਂ ਪਿੱਛੇ ਨਹੀਂ ਹਟੇਗੀ।