ਚੰਡੀਗੜ੍ਹ: ਯੋਗ ਗੁਰੂ ਬਾਬਾ ਰਾਮਦੇਵ ਨੇ ਕਰਿਆਨਾ, ਦਵਾਈਆਂ ਤੇ ਡੇਅਰੀ ਉਤਪਾਦਾਂ ਤੋਂ ਬਾਅਦ ਹੁਣ ਨਵੇਂ ਕਾਰੋਬਾਰ ਵਿੱਚ ਪੈਰ ਧਰਿਆ ਹੈ। ਅੱਜ ਧਨਤੇਰਸ ਮੌਕੇ ਬਾਬਾ ਰਾਮਦੇਵ ਨੇ ਦਿੱਲੀ ਦੇ ਪੀਤਮਪੁਰਾ ਵਿੱਚ ਫੈਸ਼ਨ ਸ਼ੋਅਰੂਮ ‘ਪਰਿਧਾਨ’ ਲਾਂਚ ਕੀਤਾ। ਅੱਜ ਧਨਵੰਤਰੀ ਜੈਯੰਤੀ ਮੌਕੇ ਬਾਬਾ ਰਾਮਦੇਵ ਨੇ ਦੇਸ਼ ਨੂੰ 3500 ਤੋਂ ਵੱਧ ਉਤਪਾਦ ਸੌਗਾਤ ਵਜੋਂ ਦਿੱਤੇ। ਇਸ ਵਿੱਚ ਕੱਪੜੇ, ਹੋਮ ਵੀਅਰ ਤੇ ਅਸੈਸਰੀਜ਼ ਸ਼ਾਮਲ ਹਨ।
ਬਾਬਾ ਰਾਮਦੇਵ ਨੇ ਦੱਸਿਆ ਕਿ ‘ਪਰਿਧਾਨ’ ਦੇ ਦੇਸ਼ ਭਰ ਵਿੱਚ ਵੱਖ-ਵੱਖ ਜਗ੍ਹਾ ਸ਼ੋਅਰੂਮ ਖੋਲ੍ਹੇ ਜਾਣਗੇ। ਪਤੰਜਲੀ ਪਰਿਧਾਨ ਦੀ ਲਾਂਚਿੰਗ ਮੌਕੇ ਬਾਬਾ ਰਾਮਦੇਵ ਨਾਲ ਬਾਲੀਵੁੱਡ ਫਿਲਮ ਡਾਇਰੈਕਟਰ ਮਧੁਰ ਭੰਡਾਰਕਰ ਤੇ ਪਹਿਲਵਾਨ ਸੁਸ਼ੀਲ ਕੁਮਾਰ ਵੀ ਹਾਜ਼ਰ ਸਨ। ਇਸ ਮੌਕੋ ਇਨ੍ਹਾਂ ਸਾਰਿਆਂ ਪਤੰਜਲੀ ਬਰਾਂਡ ‘ਸੰਸਕਾਰ’ ਦੇ ਹੀ ਕੱਪੜੇ ਪਹਿਨੇ ਹੋਏ ਸਨ।
ਦੀਵਾਲੀ ਮੌਕੇ ਪਤੰਜਲੀ ਕੱਪੜਿਆਂ ’ਤੇ 25% ਛੋਟ
ਬਾਬਾ ਰਾਮਦੇਵ ਨੇ ਦੱਸਿਆ ਕਿ ਪਤੰਜਲੀ ਪਰਿਧਾਨ ਦੀ ਛੱਤ ਹੇਠਾਂ ‘ਆਸਥਾ’, ‘ਸੰਸਕਾਰ’ ਤੇ ‘ਲਿਵਫਿਟ’ ਤਿੰਨ ਬਰਾਂਡ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਪੁਰਸ਼ਾਂ, ਮਹਿਲਾਵਾਂ, ਬੱਚਿਆਂ ਦੇ ਪਰਿਧਾਨ, ਯੋਗਾ ਤੇ ਸਪੋਰਟਸ ਵੀਅਰ ਉਪਲੱਬਧ ਹੋਣਗੇ। ਇਨ੍ਹਾਂ ਵਿੱਚ ਡੈਨਿਮ, ਐਥਨਿਕ ਵੀਅਰ, ਕੈਜ਼ੁਅਲ ਵੀਅਰ ਤੇ ਫਾਰਮਲ ਵੀ ਸ਼ਾਮਲ ਹਨ। ਦੀਵਾਲੀ ਮੌਕੇ ਬਾਬਾ ਰਾਮਦੇਵ ਨੇ ਪਤੰਜਲੀ ਕੱਪੜਿਆਂ ’ਤੇ ਛੋਟ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਧਨਤੇਰਸ ਤੋਂ ਲੈ ਕੇ ਭਈਆ ਦੂਜ ਤਕ ਪੰਜ ਦਿਨਾਂ ਅੰਦਰ ਪਤੰਜਲੀ ਕੱਪੜਿਆਂ ਦੀ ਖਰੀਦ ’ਤੇ ਗਾਹਕਾਂ ਨੂੰ 25 ਫੀਸਦੀ ਛੋਟ ਦਿੱਤੀ ਜਾਏਗੀ।
ਪਤੰਜਲੀ ਜੀਂਸ ਦਾ ਇੰਤਜ਼ਾਰ ਖ਼ਤਮ, ਬਾਜ਼ਾਰ ’ਚ ਉਤਾਰਿਆ ‘ਲੰਗੋਟ’
ਬਾਬਾ ਰਾਮਦੇਵ ਨੇ ਦੱਸਿਆ ਕਿ ਪਤੰਜਲੀ ਜੀਂਸ ਦਾ ਕਾਫੀ ਲੰਮੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ, ਉਹ ਲੋਕਾਂ ਦਾ ਇੰਤਜ਼ਾਰ ਖ਼ਤਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਵਾਲਟੀ ਵਿੱਚ ਇਹ ਜੀਂਸ ਹੋਰ ਕੌਮਾਂਤਰੀ ਜੀਂਸ ਵਾਂਗ ਹੀ ਹੈ ਪਰ ਘਰੇਲੂ ਹੋਣ ਕਾਰਨ ਇਨ੍ਹਾਂ ਦੀ ਕੀਮਤ ਬੇਹੱਦ ਘੱਟ ਹੈ। ਦੱਸਣਯੋਗ ਹੈ ਕਿ ਬਾਜ਼ਾਰ ਵਿੱਚ ਪਹਿਲੀ ਵਾਰ ਕਿਸੇ ਬਰਾਂਡ ਨੇ ‘ਲੰਗੋਟ’ ਨੂੰ ਪ੍ਰੋਡਕਟ ਵਜੋਂ ਉਤਾਰਿਆ ਹੈ।