ਨਵੀਂ ਦਿੱਲੀ: ਸੋਨਾ ਪੂਰੀ ਦੁਨੀਆ ਵਿੱਚ ਅਮੀਰੀ ਦਾ ਪ੍ਰਤੀਕ ਹੈ। ਇਸੇ ਲਈ ਹਰ ਇਨਸਾਨ ਸੋਨੇ ਨੂੰ ਪਹਿਣਨ ਦੀ ਇੱਛਾ ਬੇਸ਼ੱਕ ਨਾ ਰੱਖਦਾ ਹੋਵੇ, ਪਰ ਪਾਉਣ ਦੀ ਇੱਛਾ ਜ਼ਰੂਰ ਰੱਖਦਾ ਹੈ। ਅੱਜ ਧਨਤੇਰਸ ਹੈ ਤੇ ਇਸ ਮੌਕੇ ਭਾਰਤੀ ਲੋਕ ਸੋਨਾ ਖਰੀਦਣਾ ਚੰਗਾ ਮੰਨਦੇ ਹਨ। ਦੇਸ਼ ਤੇ ਦੁਨੀਆ ਵਿੱਚ ਕਿੰਨਾ ਸੋਨਾ ਹੈ ਤੇ ਇਸ ਦਾ ਕੀ ਮਹੱਤਵ ਹੈ, ਪੜ੍ਹੋ ਪੂਰੀ ਰਿਪੋਰਟ-


ਭਾਰਤ ਵਿੱਚ 24 ਹਜ਼ਾਰ ਟਨ ਸੋਨੇ ਦਾ ਅੰਦਾਜ਼ਾ

ਵਿਸ਼ਵ ਗੋਲਡ ਕੌਂਸਲ ਮੁਤਾਬਕ ਦੁਨੀਆ ਵਿੱਚ ਜਦ ਤੋਂ ਸੋਨੇ ਦੀ ਖੁਦਾਈ ਸ਼ੁਰੂ ਹੋਈ ਹੈ, ਜ਼ਮੀਨ ਤੋਂ ਕਰੀਬ ਦੋ ਲੱਖ ਟਨ ਸੋਨਾ ਕੱਢਿਆ ਜਾ ਚੁੱਕਾ ਹੈ। ਫਿਲਹਾਲ ਸੋਨੇ ਦੇ ਸਾਲਾਨਾ ਉਤਪਾਦਨ ਤੇ ਵਰਤੋਂ ਵਿੱਚ ਚੀਨ ਸਭ ਤੋਂ ਅੱਗੇ ਹੈ। ਕੌਂਸਲ ਦੀ ਰਿਪੋਰਟ ਮੁਤਾਬਕ ਭਾਰਤ ਵਿੱਚ 24 ਹਜ਼ਾਰ ਟਨ ਸੋਨਾ ਹੋਣ ਦਾ ਅੰਦਾਜ਼ਾ ਹੈ। ਇਸ ਵਿੱਚੋਂ ਭਾਰਤੀ ਮਹਿਲਾਵਾਂ ਕੋਲ 21 ਹਜ਼ਾਰ ਟਨ ਸੋਨਾ ਹੋਣ ਦਾ ਅੰਦਾਜ਼ਾ ਹੈ। ਇਹ ਦੁਨੀਆ ਵਿੱਚ ਸਭ ਤੋਂ ਵੱਧ ਹੈ।



ਬੈਂਕਾਂ ਕੋਲ 750 ਟਨ ਸੋਨਾ

ਰਿਜ਼ਰਵ ਬੈਂਕ ਆਫ਼ ਇੰਡੀਆ ਵਿੱਚ 566.36 ਟਨ ਸੋਨਾ ਸਾਲ 2017-18 ਵਿੱਚ ਸੀ। ਮੁਥੂਟ ਫਾਈਨਾਂਸ, ਮਨਪੁਰਮ ਫਾਈਨਾਂਸ ਏਜੰਸੀ ਵਰਗੀਆਂ ਨਿਜੀ ਕੰਪਨੀਆਂ ਕੋਲ ਸਾਲ 2014 ਵਿੱਚ 200 ਟਨ ਸੋਨਾ ਹੋਣ ਦਾ ਅੰਦਾਜ਼ਾ ਸੀ।



ਮੰਦਰਾਂ 'ਚ ਢਾਈ ਹਜ਼ਾਰ ਟਨ ਸੋਨਾ

ਦੇਸ਼ ਦੇ ਮੰਦਰਾਂ ਵਿੱਚ ਢਾਈ ਹਜ਼ਾਰ ਟਨ ਸੋਨਾ ਹੈ। ਕੇਰਲ ਦੇ ਪਦਨਾਭ ਸਵਾਮੀ ਮੰਦਰ ਵਿੱਚ 1300 ਟਨ ਸੋਨਾ ਹੋਣ ਦਾ ਅੰਦਾਜ਼ਾ ਹੈ। ਉਂਝ ਦੁਨੀਆ ਦਾ ਸਭ ਤੋਂ ਅਮੀਰ ਮੰਦਰ ਆਂਧਰਾ ਪ੍ਰਦੇਸ਼ ਦਾ ਤਿਰੂਪਤੀ ਮੰਦਰ ਮੰਨਿਆ ਜਾਂਦਾ ਹੈ। ਹਰ ਮਹੀਨੇ ਇੱਥੇ 100 ਕਿੱਲੋ ਸੋਨਾ ਆਉਂਦਾ ਹੈ। ਮੰਦਰ ਕੋਲ 250-300 ਟਨ ਸੋਨਾ ਹੈ। ਕੁਝ ਸਮਾਂ ਪਹਿਲਾਂ ਮੰਦਰ ਨੇ 4.5 ਟਨ ਸੋਨਾ ਬੈਂਕ ਵਿੱਚ ਕਿਸੇ ਸਕੀਮ ਤਹਿਤ ਜਮ੍ਹਾ ਕਰਵਾਇਆ ਹੋਇਆ ਹੈ।



ਔਰਤਾਂ ਕੋਲ ਦੁਨੀਆ ਦਾ 11 ਫ਼ੀਸਦ ਸੋਨਾ

ਭਾਰਤੀ ਔਰਤਾਂ 21 ਹਜ਼ਾਰ ਟਨ ਸੋਨਾ ਹੈ, ਯਾਨੀ ਦੁਨੀਆ ਦੇ ਕੁੱਲ ਸੋਨੇ ਦਾ 11 ਫ਼ੀਸਦੀ ਹਿੱਸਾ। ਇੰਨਾ ਸੋਨਾ ਦੁਨੀਆ ਦੇ ਪੰਜ ਸਿਖਰਲੇ ਦੇਸ਼ਾਂ ਅਮਰੀਕਾ (8,000 ਟਨ), ਜਰਮਨੀ (3,300 ਟਨ), ਇਟਲੀ (2,450 ਟਨ), ਫਰਾਂਸ (2,400 ਟਨ) ਤੇ ਰੂਸ (1,900 ਟਨ) ਦੇ ਕੁੱਲ ਫੌਰਨ ਰਿਜ਼ਰਵ ਵਿੱਚ ਵੀ ਨਹੀਂ ।



ਉਤਪਾਦਨ ਦੇ ਮਾਮਲੇ 'ਚ ਭਾਰਤ ਹੈ ਪਿੱਛੇ

ਸੋਨੇ ਦੇ ਉਤਪਾਦਨ ਵਿੱਚ ਭਾਰਤ ਕਾਫੀ ਪਿੱਛੇ ਹੈ। ਸਟੇਟਿਸਟਾ ਮੁਤਾਬਕ ਦੇਸ਼ ਵਿੱਚ ਸਾਲ 2017 ਵਿੱਚ ਸਿਰਫ 1,594 ਕਿੱਲੋ ਯਾਨੀ ਡੇਢ ਟਨ ਸੋਨੇ ਦਾ ਹੀ ਉਤਪਾਦਨ ਹੋਇਆ ਹੈ। ਕਰਨਾਟਕ ਵਿੱਚ ਸੋਨੇ ਦਾ ਸਭ ਤੋਂ ਉਤਪਾਦਨ ਹੁੰਦਾ ਹੈ, ਪਰ ਦੇਸ਼ ਵਿੱਚ ਸੋਨੇ ਦਾ ਉਤਪਾਦਨ ਘਟ ਰਿਹਾ ਹੈ। 2007-08 ਵਿੱਚ 2,969 ਕਿੱਲੋ ਸੋਨੇ ਦਾ ਉਤਪਾਦਨ ਹੋਇਆ ਸੀ, ਪਰ ਇਸ ਤੋਂ ਬਾਅਦ ਉਤਪਾਦਨ ਲਗਾਤਾਰ ਘਟ ਰਿਹਾ ਹੈ।