ਨਵੀਂ ਦਿੱਲੀ: ਜੈਗੂਆਰ ਲੈਂਡ ਰੋਵਰ ਨੇ ਭਾਰਤ ਵਿੱਚ ਤਿਆਰ ਕੀਤੀ ਰੇਂਜ ਰੋਵਰ ਵੇਲਾਰ ਨੂੰ ਜਾਰੀ ਕੀਤਾ ਹੈ। ਭਾਰਤ ਵਿੱਚ ਅਸੈਂਬਲ ਕੀਤੇ ਹੋਣ ਕਾਰਨ ਇਹ ਕਾਰ 16 ਲੱਖ ਰੁਪਏ ਤਕ ਸਸਤੀ ਹੋ ਗਈ ਹੈ। ਨਵੀਂ ਵੇਲਾਰ ਸਿਰਫ ਇੱਕ ਵੈਰੀਅੰਟ (ਆਰ-ਡਾਇਨਾਮਿਕਸ) ਐਸ ਵਿੱਚ ਆਵੇਗੀ। ਇਸ ਦੀ ਕੀਮਤ 72.47 ਲੱਖ ਰੁਪਏ ਹੈ। ਰੇਂਜ ਰੋਵਰ ਵੇਲਾਰ ਨੂੰ ਕੰਪਨੀ ਨੇ ਪੁਣੇ ਸਥਿਤ ਪਲਾਂਟ ਵਿੱਚ ਅਸੈਂਬਲ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕੰਪਨੀ ਵਿਦੇਸ਼ ਤੋਂ ਦਰਾਮਦ ਕਰਕੇ ਇਸ ਕਾਰ ਨੂੰ ਵੇਚਦੀ ਸੀ, ਜਿਸ ਕਾਰਨ ਇਹ ਕਾਫੀ ਮਹਿੰਗੀ ਪੈਂਦੀ ਸੀ।
ਨਵੀਂ ਵੇਲਾਰ ਨੂੰ 2.0 ਲੀਟਰ ਪੈਟਰੋਲ ਤੇ ਡੀਜ਼ਲ ਇੰਜਣ ਵਿੱਚ ਪੇਸ਼ ਕੀਤਾ ਗਿਆ ਹੈ। ਪੈਟਰੋਲ ਇੰਜਣ 250 ਹਾਰਸ ਪਾਵਰ ਤੇ 365 ਐਨਐਮ ਟਾਰਕ ਪੈਦਾ ਕਰਦਾ ਹੈ। ਉੱਥੇ ਹੀ ਡੀਜ਼ਲ ਇੰਜਣ 180 ਹਾਰਸ ਪਾਵਰ ਤੇ 430 ਐਨਐਮ ਦਾ ਟਾਰਕ ਪੈਦਾ ਕਰਦਾ ਹੈ। ਦੋਵੇਂ ਇੰਜਣ 8-ਸਪੀਡਡ ਆਟੋਮੈਟਿਕ ਗੀਅਰਬਾਕਸ ਨਾਲ ਲੈਸ ਹਨ ਜੋ ਚਾਰੇ ਪਹਿਆਂ ਨੂੰ ਪਾਵਰ ਦਿੰਦਾ ਹੈ। ਯਾਨੀ ਕਿ ਇਸ ਕਾਰ ਵਿੱਚ ਆਲ ਵ੍ਹੀਲ ਡ੍ਰਾਈਵ ਸਿਸਟਮ ਵੀ ਹੈ।
ਭਾਰਤ ਵਿੱਚ ਤਿਆਰ ਕੀਤੀ ਰੇਂਜ ਰੋਵਰ ਪ੍ਰੀਮੀਅਮ ਮੈਰਿਡੀਅਨ ਸਾਊਂਡ ਸਿਸਟਮ (380 ਵਾਟ), ਕੈਬਿਨ ਏਅਰ ਫਿਲਟਰ, ਪਾਰਕ ਅਸਿਸਟ, 4-ਜ਼ੋਨ ਕਲਾਈਮੈਟ ਕੰਟਰੋਲ, ਪ੍ਰੀਮੀਅਮ ਲੈਦਰ, ਐਲਈਡੀ ਹੈੱਡਲਾਈਟ ਅਤੇ ਡੇਅ-ਟਾਈਮ ਰਨਿੰਗ ਲਾਈਟਾਂ ਸਮੇਤ ਕਈ ਫੀਚਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਾਰ ਬਹੁਤ ਸਾਰੇ ਸੁਰੱਖਿਆ ਫੀਚਰਜ਼ ਨਾਲ ਵੀ ਲੈਸ ਹੈ।
ਨਵੀਂ ਰੇਂਜ ਰੋਵਰ ਵੇਲਾਰ ਨੂੰ ਜੈਗੂਆਰ ਲੈਂਡ ਰੋਵਰ ਦੇ ਨਜ਼ਦੀਕੀ ਡੀਲਰਸ਼ਿਪ ਤੋਂ ਬੁੱਕ ਕੀਤਾ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਡਿਲਿਵਰੀ ਮਈ 2019 ਤੋਂ ਕੀਤੀ ਜਾਵੇਗੀ। ਇਸ ਕਾਰ ਦਾ ਮੁਕਾਬਲਾ ਮਰਸਿਡੀਜ਼ ਜੀਐਲਈ ਕੂਪੇ, ਜੈਗੁਆਰ ਐਫ-ਪੇਸ ਤੇ ਬੀਐਮਡਬਲਿਊ ਐਸ-6 ਨਾਲ ਹੋਵੇਗਾ।