ਨਾਗਪੁਰ: ਭਾਰਤ ਦੇ ਉੱਘੇ ਕਾਰੋਬਾਰੀ ਰਤਨ ਟਾਟਾ ਬੁੱਧਵਾਰ ਨੂੰ ਆਰਐਸਐਸ ਦੇ ਹੈੱਡਕੁਆਟਰ ਵਿੱਚ ਸੰਘ ਮੁਖੀ ਮੋਹਨ ਭਾਗਵਤ ਨੂੰ ਮਿਲੇ। ਭਾਗਵਤ ਤੇ ਟਾਟਾ ਦੀ ਬੈਠਕ ਦੋ ਘੰਟੇ ਤਕ ਚੱਲੀ। ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਰੋਬਾਰੀਆਂ ਤੇ ਸਿਆਸਤਦਾਨਾਂ ਵਿੱਚ ਅਜਿਹੀਆਂ ਮੁਲਾਕਾਤਾਂ ਅਕਸਰ ਦੇਖੀਆਂ ਜਾ ਸਕਦੀਆਂ ਹਨ, ਪਰ ਸੰਘ ਨੇ ਰਤਨ ਟਾਟਾ ਤੇ ਮੋਹਨ ਭਾਗਵਤ ਦੀ ਇਸ ਮੁਲਾਕਾਤ ਨੂੰ ਮਹਿਜ਼ ਆਪਸੀ ਮੇਲ-ਜੋਲ ਦੱਸਿਆ।

ਮੰਗਲਵਾਰ ਨੂੰ ਪੁੱਜੇ ਰਤਨ ਟਾਟਾ ਦੋ ਦਿਨ ਨਾਗਪੁਰ ਵਿੱਚ ਰੁਕੇ। ਇਸ ਤੋਂ ਪਹਿਲਾਂ 28 ਦਸੰਬਰ, 2016 ਨੂੰ ਵੀ ਟਾਟਾ ਆਰਐਸਐਸ ਦੇ ਹੈੱਡਕੁਆਟਰ ਗਏ ਸਨ। ਪਿਛਲੇ ਸਾਲ ਅਗਸਤ ਵਿੱਚ ਰਤਨ ਟਾਟਾ ਤੇ ਮੋਹਨ ਭਾਗਵਤ ਮੁੰਬਈ ਵਿੱਚ ਇੱਕੋ ਮੰਚ 'ਤੇ ਵਿਖਾਈ ਦਿੱਤੇ। ਆਰਐਸਐਸ ਦੇ ਮਰਹੂਮ ਨੇਤਾ ਨਾਨ ਪਾਲਕਰ ਦੀ ਜਨਮ ਸ਼ਤਾਬਦੀ ਸਮਾਗਮ ਵਿੱਚ ਵੀ ਰਤਨ ਟਾਟਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸੀ।

ਸੰਘ ਵੀ ਟਾਟਾ ਗਰੁੱਪ ਦੀ ਸ਼ਲਾਘਾ ਕਰਦਾ ਹੈ। ਮੁੰਬਈ ਵਿੱਚ ਹੋਏ ਸਮਾਗਮ ਵਿੱਚ ਮੋਹਨ ਭਾਗਵਤ ਨੇ ਮੰਚ ਤੋਂ ਕਿਹਾ ਸੀ ਕਿ ਗਰੁੱਪ ਹਮੇਸ਼ਾ ਧਿਆਨ ਰੱਖਦਾ ਹੈ ਕਿ ਨਿਜੀ ਸੰਪੱਤੀ ਵਧਾਉਣ ਦੀ ਬਜਾਏ ਸਮਾਜ ਭਲਾਈ ਲਈ ਪੈਸੇ ਦੀ ਵਰਤੋਂ ਹੋਵੇ।