ਚੰਡੀਗੜ੍ਹ: ਪਹਿਲੀ ਨਵੰਬਰ 1984 ਨੂੰ ਦਿੱਲੀ ਦੇ ਮਹੀਪਾਲਪੁਰ ਇਲਾਕੇ ਵਿੱਚ ਦੋ ਸਿੱਖ ਵਿਅਕਤੀਆਂ ਦੀ ਹੱਤਿਆ ਦੇ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਮੌਤ ਤੇ ਉਮਰ ਕੈਦ ਦੀ ਸਜ਼ਾ 'ਤੇ ਸਿੱਖ ਆਗੂਆਂ ਤੇ ਸਿਆਸੀ ਲੀਡਰਾਂ ਦੇ ਨਾਲ-ਨਾਲ ਪੀੜਤਾਂ ਦੀ ਪ੍ਰਤਿਕਿਰਿਆ ਵੀ ਸਾਹਮਣੇ ਆਈ ਹੈ। ਜਿੱਥੇ ਸਿਆਸੀ ਲੀਡਰ ਇਸ ਫੈਸਲੇ 'ਤੇ ਕੇਂਦਰ ਸਰਕਾਰ ਦੀ ਤਾਰੀਫ਼ ਕਰ ਰਹੇ ਹਨ ਉੱਥੇ ਹੀ ਪੀੜਤਾਂ ਤੇ ਸਿੱਖ ਆਗੂਆਂ ਨੇ ਹੋਰਨਾਂ ਲਈ ਵੀ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ।


ਇਹ ਵੀ ਪੜ੍ਹੋ- 1984 ਸਿੱਖ ਕਤਲੇਆਮ: ਅਦਾਲਤ ਨੇ ਦੋਸ਼ੀਆਂ ਨੂੰ ਦਿੱਤੀ ਫਾਂਸੀ ਤੇ ਉਮਰ ਕੈਦ ਦੀ ਸਜ਼ਾ

ਪਹਿਲੀ ਜਨਵਰੀ 1984 ਨੂੰ ਦਿੱਲੀ ਦੇ ਮਹੀਪਾਲਪੁਰ ਇਲਾਕੇ ਵਿੱਚ ਉਕਤ ਅਵਤਾਰ ਸਿੰਘ ਤੇ ਹਰਦੇਵ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਇਹ ਮਾਮਲਾ ਸੰਨ 1994 ਦੌਰਾਨ ਸਬੂਤਾਂ ਦੀ ਘਾਟ ਕਾਰਨ ਬੰਦ ਕਰ ਦਿੱਤਾ ਗਿਆ ਸੀ, ਪਰ ਵਿਸ਼ੇਸ਼ ਜਾਂਚ ਟੀਮ ਨੇ ਇਸ ਨੂੰ ਫਿਰ ਤੋਂ ਖੋਲ੍ਹਿਆ ਗਿਆ ਸੀ, ਜਿਸ ਵਿੱਚ ਅੱਜ ਸਜ਼ਾ ਦਾ ਐਲਾਨ ਹੋਇਆ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਕਟ ਨੇ ਦੋਵਾਂ ਸਿੱਖਾਂ ਦੇ ਕਤਲ ਦੇ ਦੋਸ਼ੀ ਯਸ਼ਪਾਲ ਸਿੰਘ ਨੂੰ ਫਾਂਸੀ ਅਤੇ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਸੁਣਾਈ ਗਈ ਹੈ।


ਹੁਣ ਸਿੱਖ ਆਗੂਆਂ ਅਤੇ ਕਤਲੇਆਮ ਪੀੜਤਾਂ ਦੀ ਮੰਗ ਹੈ ਕਿ ਨਰੇਸ਼ ਸਹਿਰਾਵਤ ਨੂੰ ਵੀ ਮੌਤ ਦੀ ਸਜ਼ਾ ਦਿੱਤੀ ਜਾਵੇ। ਸਿੱਖ ਕਤਲੇਆਮ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਮੁੱਖ ਗਵਾਹ ਜਗਦੀਸ਼ ਕੌਰ ਦਾ ਕਹਿਣਾ ਹੈ ਕਿ ਜਿਹੜੇ ਦੋ ਦੋਸ਼ੀਆਂ ਨੂੰ ਅੱਜ ਸਜ਼ਾ ਹੋਈ ਹੈ ਉਹ ਤਾਂ ਛੋਟੇ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਆਗੂਆਂ ਦੇ ਕਹਿਣ 'ਤੇ ਇਨ੍ਹਾਂ ਨੇ ਸਿੱਖਾਂ ਨੂੰ ਬੇਰਹਿਮੀ ਨਾਲ ਮਾਰਿਆ, ਉਨ੍ਹਾਂ ਵੱਡੇ ਆਗੂਆਂ ਨੂੰ ਸਜ਼ਾ ਹੋਵੇਗੀ ਤਾਂ ਹੀ ਅਸਲ ਇਨਸਾਫ਼ ਮਿਲੇਗਾ।


ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਸਹਿਰਾਵਤ ਨੂੰ ਵੀ ਮੌਤ ਦੀ ਸਜ਼ਾ ਦਿਵਾਉਣ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ। ਉੱਧਰ, ਅਕਾਲ ਤਖ਼ਤ ਦੇ ਕਾਰਜਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਦਾ ਰੂਪ ਸਿੰਘ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈਆਂ ਨੇ ਅਦਾਲਤ ਦੇ ਫੈਸਲੇ 'ਤੇ ਸੰਤੁਸ਼ਟੀ ਜਤਾਈ ਤੇ ਕਤਲੇਆਮ ਦੇ ਹੋਰਨਾਂ ਦੋਸ਼ੀਆਂ ਵਿਰੁੱਧ ਵੀ ਛੇਤੀ ਕਾਰਵਾਈ ਦੀ ਆਸ ਕੀਤੀ।

ਸਬੰਧਤ ਖ਼ਬਰ- 1984 ਸਿੱਖ ਕਤਲੇਆਮ: 34 ਸਾਲ ਬਾਅਦ ਮਹੀਪਾਲਪੁਰ ਕਤਲ ਕੇਸਾਂ 'ਚ ਸਜ਼ਾ ਦਾ ਐਲਾਨ ਜਲਦ

ਉੱਧਰ, ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਉਨ੍ਹਾਂ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੋਦੀ ਸਰਕਾਰ ਦੀ ਜ਼ੋਰਦਾਰ ਸ਼ਲਾਘਾ ਕੀਤੀ ਅਤੇ ਕਾਂਗਰਸ ਸਰਕਾਰ ਤੇ ਗਾਂਧੀ ਪਰਿਵਾਰ 'ਤੇ ਜੰਮ ਕੇ ਨਿਸ਼ਾਨੇ ਲਾਏ।