ਨਵੀਂ ਦਿੱਲੀ: ਅਯੁੱਧਿਆ ਜ਼ਮੀਨ ਦੇ ਵਿਵਾਦ 'ਤੇ ਸੁਪਰੀਮ ਕੋਰਟ 'ਚ ਮੰਗਲਵਾਰ ਤੋਂ ਸੁਣਵਾਈ ਸ਼ੁਰੂ ਹੋ ਗਈ ਹੈ। ਇਹ ਸੁਣਵਾਈ ਉਦੋਂ ਤੱਕ ਹਰ ਰੋਜ਼ ਚੱਲੇਗੀ ਜਦੋਂ ਤਕ ਇਸ ਮਸਲੇ ਦਾ ਕੋਈ ਨਤੀਜਾ ਨਹੀਂ ਨਿਕਲਦਾ। ਅਦਾਲਤ ਨੇ ਸੁਣਵਾਈ ਦੀ ਸ਼ੁਰੂਆਤ ਵੇਲੇ ਹੀ ਸਪਸ਼ਟ ਕਰ ਦਿੱਤਾ ਕਿ ਨਾ ਤਾਂ ਇਸ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ ਤੇ ਨਾ ਹੀ ਕੋਈ ਰਿਕਾਰਡਿੰਗ ਦਿਖਾਈ ਜਾਏਗੀ। ਦੱਸ ਦੇਈਏ ਸੰਘ ਵਿਚਾਰਕ ਕੇਐਨ ਗੋਵਿੰਦਾਚਾਰੀਆ ਨੇ ਅਯੁੱਧਿਆ ਜ਼ਮੀਨੀ ਵਿਵਾਦ ਮਾਮਲੇ ਵਿੱਚ ਨਿਯਮਤ ਸੁਣਵਾਈ ਦੀ ਰਿਕਾਰਡ ਕਰਨ ਜਾਂ ਸਿੱਧੇ ਪ੍ਰਸਾਰਣ ਲਈ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।


ਸੁਣਵਾਈ ਦੌਰਾਨ ਨਿਰਮੋਹੀ ਅਖਾੜੇ ਦੇ ਵਕੀਲ ਨੇ ਕਿਹਾ, 'ਮੁਸਲਿਮ ਪੱਖ ਨੇ ਸਵੀਕਾਰਿਆ ਹੈ ਕਿ ਮਸਜਿਦ ਵਿੱਚ 16 ਦਸੰਬਰ, 1959 ਨੂੰ ਆਖ਼ਰੀ ਵਾਰ ਨਮਾਜ਼ ਪੜ੍ਹੀ ਗਈ ਸੀ। 1934 ਤਕ ਮਸਜਿਦ ਵਿੱਚ ਨਿਯਮਿਤ ਰੂਪ ਨਾਲ ਨਮਾਜ਼ ਪੜ੍ਹੀ ਜਾਂਦੀ ਸੀ ਪਰ ਬਾਅਦ ਵਿੱਚ ਸ਼ੁੱਕਰਵਾਰ ਦੀ ਨਮਾਜ਼ ਬੰਦ ਹੋ ਗਈ ਸੀ।'


ਇਸ ਤੋਂ ਪਹਿਲਾਂ 8 ਮਾਰਚ ਨੂੰ ਸੁਪਰੀਮ ਕੋਰਟ ਨੇ ਗੱਲਬਾਤ ਨਾਲ ਮਾਮਲੇ ਨੂੰ ਸੁਲਝਾਉਣ ਲਈ ਵਿਚੋਲਗੀ ਪੈਨਲ ਵੀ ਬਣਾਇਆ ਸੀ। ਇਸ ਵਿੱਚ ਸਾਬਕਾ ਜਸਟਿਸ ਐਫਐਮ ਕਾਲੀਫੁੱਲਾ, ਅਧਿਆਤਮਿਕ ਗੁਰੂ ਸ੍ਰੀ ਸ੍ਰੀ ਰਵੀ ਸ਼ੰਕਰ, ਸੀਨੀਅਰ ਵਕੀਲ ਸ਼੍ਰੀਰਾਮ ਪੰਚੂ ਸ਼ਾਮਲ ਸਨ। ਹਾਲਾਂਕਿ, ਪੈਨਲ ਕੇਸ ਦਾ ਨਿਬੇੜਾ ਕਰਨ ਲਈ ਕਿਸੇ ਸਿੱਟੇ 'ਤੇ ਨਹੀਂ ਪਹੁੰਚ ਸਕਿਆ।