ਸ੍ਰੀਨਗਰ: ਪੁਲਵਾਮਾ ਹਮਲੇ ਮਗਰੋਂ ਕਸ਼ਮੀਰ 'ਚ ਬੰਦ ਦੇ ਸੱਦੇ ਕਾਰਨ ਸ੍ਰੀਨਗਰ ਵਿੱਚ ਰੋਕਾਂ ਲਾਗੂ ਕਰ ਦਿੱਤੀਆਂ ਗਈਆਂ ਹਨ। ਬੰਦ ਦਾ ਸੱਦਾ ਸੰਯੁਕਤ ਰੈਜ਼ਿਸਟੈਂਟ ਲੀਡਰਸ਼ਿਪ (ਜੇਆਰਐਲ) ਨੇ ਜਮਾਤ-ਏ-ਇਸਲਾਮੀ ਤੇ ਵੱਖਵਾਦੀ ਨੇਤਾਵਾਂ 'ਤੇ ਹੋਈ ਕਾਰਵਾਈ ਕਰਕੇ ਦਿੱਤਾ ਗਿਆ ਸੀ। ਅਜਿਹੇ ਵਿੱਚ ਚੌਕਸੀ ਵਜੋਂ ਘਾਟੀ 'ਚ ਕਈ ਰੋਕਾਂ ਲਾ ਦਿੱਤੀਆਂ ਗਈਆਂ ਹਨ।
ਕਸ਼ਮੀਰ ਘਾਟੀ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੋਬਾਈਲ ਇੰਟਰਨੈੱਟ ਦੀ ਰਫ਼ਤਾਰ ਘਟਾ ਦਿੱਤੀ ਹੈ। ਸ੍ਰੀਗਨਰ ਤੇ ਇੱਥੋਂ ਦੇ ਪੰਜ ਪੁਲਿਸ ਥਾਣਿਆਂ ਅਧੀਨ ਪੈਂਦੇ ਖੇਤਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
ਬੀਤੇ ਦਿਨੀਂ ਸੁਰੱਖਿਆ ਬਲਾਂ ਨੇ ਧਾਰਮਕ ਪ੍ਰਚਾਰਕ ਤੇ ਜਾਮੀਅਤ ਅੱਲ੍ਹਾਦੀਸ ਦੇ ਮੀਤ-ਪ੍ਰਧਾਨ ਮੁਸ਼ਤਾਕ ਵੀਰੀ ਤੇ ਦਿਫਾਈ ਜਾਮੀਅਤ ਅੱਲ੍ਹਾਦੀਸ ਨੇਤਾ ਮੌਲਾਨਾ ਮਕਬੂਲ ਅਫਰਾਨੀ ਨੂੰ ਹਿਰਾਸਤ ਵਿੱਚ ਲੈ ਲਿਆ।
ਇਸ ਮਗਰੋਂ ਹਾਲਾਤ ਨਾਜ਼ੁਕ ਬਣੇ ਹੋਏ ਹਨ। ਪੁਲਵਾਮਾ ਹਮਲੇ ਮਗਰੋਂ ਵਾਦੀ ਦੇ ਵੱਖਵਾਦੀ ਲੀਡਰਾਂ ਤੋਂ ਸੁਰੱਖਿਆ ਵੀ ਵਾਪਸ ਲੈ ਲਈ ਗਈ ਸੀ। ਸੁਰੱਖਿਆ ਬਲਾਂ ਨੇ ਤਕਰੀਬਨ 200 ਵੱਖਵਾਦੀ ਲੀਡਰਾਂ ਤੇ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਹੋਇਆ ਹੈ।