ਚੰਡੀਗੜ੍ਹ: ਰੇਵਾੜੀ ਵਿੱਚ ਬੀਤੀ ਰਾਤ ਪਿੰਡ ਸਹਾਰਨਵਾਸ ਕੋਲ ਪਿਕਅਪ ਗੱਡੀ ਤੇ ਸਵਿਫਟ ਕਾਰ ਦੀ ਜ਼ਬਰਦਸਤ ਟੱਕਰ ਹੋਈ। ਇਸ ਹਾਦਸੇ ਵਿੱਚ ਸਰਪੰਚ ਸਮੇਤ 5 ਜਣਿਆਂ ਦੀ ਮੌਤ ਹੋ ਗਈ ਜਦਕਿ 2 ਜਣੇ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦਰਅਸਲ ਜ਼ਿਲ੍ਹਾ ਰੇਵਾੜੀ ਦੇ ਪਿੰਡ ਸੁਰਖਪੁਰ ਦੇ ਰਹਿਣ ਵਾਲੇ ਕੁਝ ਲੋਕ ਕਾਰ ਵਿੱਚ ਸਵਾਰ ਹੋ ਕੇ ਕਿਸੇ ਵਿਆਹ ਲਈ ਜਾ ਰਹੇ ਸੀ। ਕਾਰ ਵਿੱਚ ਪਿੰਡ ਦਾ ਸਰਪੰਚ ਵੀ ਸਵਾਰ ਸੀ। ਬੀਤੀ ਦੇਰ ਰਾਤ ਪ੍ਰੋਗਰਾਮ ਤੋਂ ਵਾਪਸ ਆਉਂਦਿਆਂ ਕਾਰ ਚਾਲਕ  ਦਾ ਸੰਤੁਲਨ ਵਿਗੜ ਗਿਆ ਤੇ ਡਿਵਾਈਡਰ ਤੋੜਦੀ ਹੋਈ ਕਾਰ ਦੂਜੀ ਰੋਡ ’ਤੇ ਇੱਕ ਪਿਕਅਪ ਨਾਲ ਜਾ ਟਕਰਾਈ। ਹਾਦਸੇ ਦੌਰਾਨ ਕਾਰ ਵਿੱਚ ਸਵਾਰ 3 ਜਣਿਆਂ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੇ ਨਾਲ-ਨਾਲ ਪਿਕਅਪ ’ਚ ਸਵਾਰ 2 ਜਣੇ ਵੀ ਆਪਣੇ-ਆਪ ਨੂੰ ਬਚਾ ਨਾ ਸਕੇ। ਇਨ੍ਹਾਂ ਤੋਂ ਇਲਾਵਾ 2 ਜਣੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਹਾਦਸਾ ਏਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਮੌਕੇ ’ਤੇ ਪਹੁੰਚ ਗਈ। ਮ੍ਰਿਤਕਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ’ਚ ਲੈ ਲਿਆ ਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ।