ਨਵੀਂ ਦਿੱਲੀ: ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਲਾਗੂ ਕੀਤੀ ਗਈ ਤਾਲਾਬੰਦੀ ਦੌਰਾਨ ਖੁੱਲ੍ਹੇ ਬਾਜ਼ਾਰ ਵਿੱਚ ਅਨਾਜ ਦੀ ਢੁਕਵੀਂ ਸਪਲਾਈ ਲਈ ਕੇਂਦਰੀ ਖੁਰਾਕ ਮੰਤਰਾਲੇ ਨੇ ਅਨਾਜ ਦੀ ਖਰੀਦ ਦੀਆਂ ਸ਼ਰਤਾਂ ਨੂੰ ਸਰਲ ਬਣਾਇਆ ਹੈ। ਟੈਂਡਰ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਸਰਕਾਰ ਨੇ ਹੁਣ ਕਣਕ ਦਾ ਭਾਅ 21 ਰੁਪਏ ਤੇ ਚਾਵਲ 22 ਰੁਪਏ ਪ੍ਰਤੀ ਕਿੱਲੋ ਤੈਅ ਕੀਤਾ ਹੈ।

ਇਹ ਫੈਸਲਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਾਲੇ ਤਿੰਨ ਮੰਤਰੀਆਂ ਦੇ ਸਮੂਹ ਵਿੱਚ ਲਿਆ ਗਿਆ। ਮੰਤਰੀਆਂ ਦੇ ਸਮੂਹ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਖਪਤਕਾਰ ਮਾਮਲੇ ਤੇ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਸ਼ਾਮਲ ਸਨ।

ਇਸ ਫੈਸਲੇ ਤੋਂ ਬਾਅਦ ਕੋਈ ਵੀ ਸੰਸਥਾ ਜਾਂ ਵੱਡਾ ਖਪਤਕਾਰ ਲੋੜੀਂਦੀ ਮਾਤਰਾ ਵਿੱਚ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐਫਸੀਆਈ) ਦੇ ਗੋਦਾਮਾਂ ਤੋਂ ਕਣਕ ਜਾਂ ਚਾਵਲ ਖਰੀਦ ਸਕਦੇ ਹਨ। ਇਸ ਫੈਸਲੇ ਦਾ ਉਦੇਸ਼ ਇਹ ਹੈ ਕਿ ਟੈਂਡਰ ਪ੍ਰਕਿਰਿਆ ਦੀ ਪਾਲਣਾ ਤੇ ਹੋਰ ਕਈ ਸ਼ਰਤਾਂ ਕਾਰਨ ਅਨਾਜ ਦੀ ਸਪਲਾਈ ਵਿੱਚ ਦੇਰੀ ਹੋ ਰਹੀ ਸੀ।



ਪ੍ਰਕਿਰਿਆ ਨੂੰ ਸਰਲ ਬਣਾਉਣ ਨਾਲ ਹੁਣ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਅਨਾਜ ਸਪਲਾਈ ਕਰਨਾ ਸੌਖਾ ਹੋ ਜਾਵੇਗਾ। ਅਵਾਜਾਈ ਦੀ ਜ਼ਿੰਮੇਵਾਰੀ ਰੇਲਵੇ ਵਲੋਂ ਪੂਰੀ ਕੀਤੀ ਜਾ ਸਕਦੀ ਹੈ। ਲੌਕਡਾਉਨ ਦੌਰਾਨ ਅਨਾਜ ਦੀ ਵੱਧ ਰਹੀ ਮੰਗ ਦੇ ਮੱਦੇਨਜ਼ਰ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਹ ਜਾਣਕਾਰੀ ਕੇਂਦਰੀ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਦਿੱਤੀ।