ਰਿਸ਼ੀ ਕੁਮਾਰ ਸ਼ੁਕਲਾ ਬਣੇ ਸੀਬੀਆਈ ਦੇ ਨਵੇਂ ਮੁਖੀ
ਏਬੀਪੀ ਸਾਂਝਾ | 02 Feb 2019 06:04 PM (IST)

ਨਵੀਂ ਦਿੱਲੀ: ਆਈਪੀਐਸ ਅਫ਼ਸਰ ਰਿਸ਼ੀ ਕੁਮਾਰ ਸ਼ੁਕਲਾ ਨੂੰ ਕੇਂਦਰੀ ਜਾਂਚ ਏਜੰਸੀ ਦਾ ਨਵਾਂ ਨਿਰਦੇਸ਼ਕ ਨਿਯੁਕਤ ਕਰ ਦਿੱਤਾ ਗਿਆ ਹੈ। ਸ਼ੁਕਲਾ 1983 ਬੈਚ ਦੇ ਆਈਪੀਐਸ ਅਧਿਕਾਰੀ ਹਨ ਅਤੇ ਉਹ ਮੱਧ ਪ੍ਰਦੇਸ਼ ਦੇ ਪੁਲਿਸ ਮੁਖੀ ਵੀ ਰਹਿ ਚੁੱਕੇ ਹਨ। ਸ਼ੁਕਲਾ ਦੀ ਨਿਯੁਕਤੀ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਚੀਫ਼ ਜਸਟਿਸ ਰੰਜਨ ਗੋਗੋਈ ਅਤੇ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਦੀ ਸ਼ਮੂਲੀਅਤ ਵਾਲੀ ਸਿਲੈਕਟ ਕਮੇਟੀ ਨੇ ਸ਼ੁਕਲਾ ਦੀ ਨਿਯੁਕਤੀ ਕੀਤੀ। ਰਿਸ਼ੀ ਕੁਮਾਰ ਸ਼ੁਕਲਾ ਸੀਬੀਆਈ ਦੇ ਕਾਰਜਕਾਰੀ ਨਿਰਦੇਸ਼ਕ ਨਾਗੇਸ਼ਵਰ ਰਾਓ ਤੋਂ ਜ਼ਿੰਮੇਵਾਰੀਆਂ ਲੈਣਗੇ। ਇਸ ਚੋਣ ਕਮੇਟੀ ਵਿੱਚ ਸ਼ੁਕਲਾ ਤੋਂ ਇਲਾਵਾ 30 ਹੋਰ ਨਾਂਅ ਵੀ ਸਨ। ਸ਼ੁਕਲਾ ਦੀ ਨਿਯੁਕਤੀ ਦੋ ਸਾਲਾਂ ਲਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸੀਬੀਆਈ ਦੇ ਪਿਛਲੇ ਡਾਇਰੈਕਟਰ ਆਲੋਕ ਵਰਮਾ ਅਤੇ ਸਹਿ ਨਿਰਦੇਸ਼ਕ ਰਾਕੇਸ਼ ਅਸਥਾਨਾ ਦਾ ਆਪਸੀ ਟਕਰਾਅ ਅਤੇ ਇੱਕ-ਦੂਜੇ 'ਤੇ ਲਾਏ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਮਗਰੋਂ ਦੋਵਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ ਸੀ। ਸੁਪਰੀਮ ਕੋਰਟ ਦੀ ਮਦਦ ਨਾਲ ਆਲੋਕ ਵਰਮਾ ਮੁੜ ਆਪਣੇ ਅਹੁਦੇ 'ਤੇ ਪਹੁੰਚੇ ਸਨ ਪਰ ਮੋਦੀ ਸਰਕਾਰ ਨੇ ਫਿਰ ਤੋਂ ਹੰਗਾਮੀ ਹਾਲਤ ਵਿੱਚ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਸੀ। ਸੀਬੀਆਈ ਵਿਵਾਦ ਕਾਰਨ ਮੋਦੀ ਸਰਕਾਰ ਦੀ ਕਾਫੀ ਅਲੋਚਨਾ ਵੀ ਹੋਈ ਸੀ।