ਗੁਰੂਗ੍ਰਾਮ: ਰਿਆਨ ਇੰਟਰਨੈਸ਼ਨਲ ਸਕੂਲ ਗੁਰੂਗ੍ਰਾਮ 'ਚ ਸੱਤ ਸਾਲਾਂ ਪ੍ਰਦੂਮਨ ਦੀ ਹੋਈ ਹੱਤਿਆ ਦੇ ਮਾਮਲੇ 'ਚ ਤਿੰਨ ਮੈਂਬਰੀ ਸੀ.ਬੀ.ਆਈ. ਟੀਮ ਜਾਂਚ ਪੜਤਾਲ ਲਈ ਰਿਆਨ ਇੰਟਰਨੈਸ਼ਨਲ ਸਕੂਲ ਗੁਰੂਗ੍ਰਾਮ ਵਿਖੇ ਪਹੁੰਚ ਗਈ ਹੈ। ਸੂਤਰਾਂ ਮੁਤਾਬਕ ਸੀਬੀਆਈ ਨੇ ਕੇਸ ਦੀ ਜਾਂਚ ਲਈ ਲੋੜੀਂਦੀ ਪੁੱਛਗਿੱਛ ਕੀਤੀ ਹੈ ਤੇ ਕੁਝ ਰਿਕਾਰਡ ਵੀ ਆਪਣੇ ਕਬਜ਼ੇ 'ਚ ਲਿਆ ਹੈ।
ਕੁਝ ਦਿਨਾਂ ਪਹਿਲਾਂ ਪ੍ਰਦੂਮਨ ਦੀ ਪੋਸਟਮਾਰਟਮ ਰਿਪੋਰਟ 'ਚ ਖੁਲਾਸਾ ਹੋਇਆ ਸੀ ਕਿ ਉਸ 'ਤੇ ਤੇਜ਼ਧਾਰ ਹਥਿਆਰ ਤੋਂ ਉਸ 'ਤੇ ਵਾਰ ਕੀਤੇ ਗਏ ਸਨ। ਉਸ ਦੇ ਜ਼ਖਮ 18 ਸੈਂਟੀ ਮੀਟਰ ਲੰਬੇ ਤੇ 2 ਸੈਂਟੀ ਮੀਟਰ ਗਹਿਰੇ ਸਨ। ਉਸ ਦੇ ਸਾਰੇ ਕਪੜੇ ਖੂਨ ਨਾਲ ਭਰੇ ਹੋਏ ਸਨ। ਗਲੇ ਦੀਆਂ ਨਸਾਂ ਪੂਰੀ ਤਰ੍ਹਾਂ ਕੱਟ ਗਈਆਂ ਸਨ। ਇਸ ਦੇ ਨਾਲ ਉਸ ਦੀ ਭੋਜਨ ਨਲੀ ਵੀ ਕੱਟ ਚੁੱਕੀ ਸੀ।
ਫਿਲਹਾਲ ਹਰਿਆਣਾ ਸਰਕਾਰ ਨੇ ਰਿਆਨ ਇੰਟਰਨੈਸ਼ਨਲ ਸਕੂਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਸਕੂਲ ਨੂੰ ੩ ਮਹੀਨਿਆਂ ਲਈ ਜ਼ਬਤ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਗੁਰੂਗ੍ਰਾਮ ਦੇ ਭੋਂਡਸੀ ਇਲਾਕੇ ਵਿੱਚ ਸਥਿਤ ਰਿਆਨ ਇੰਟਰਨੈਸ਼ਨਲ ਸਕੂਲ ਦੇ ਦੂਜੀ ਜਮਾਤ ਦੇ ਵਿਦਿਆਰਥੀ ਪ੍ਰਦਿਊਮਨ ਦਾ ਬੀਤੀ 8 ਸਤੰਬਰ ਨੂੰ ਉਸ ਦੇ ਸਕੂਲ ਵਿੱਚ ਹੀ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਲਗਾਤਾਰ ਮਹਿੰਗੀਆਂ ਫ਼ੀਸਾਂ ਬਟੋਰਨ ਵਾਲੇ ਸਕੂਲਾਂ ਵਿਰੁੱਧ ਪੂਰੇ ਦੇਸ਼ ਵਿੱਚ ਰੋਸ ਦੀ ਲਹਿਰ ਸੀ।