ਨਵੀਂ ਦਿੱਲੀ: ਕਾਰੋਬਾਰੀ ਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਭਣੋਈਏ ਰਾਬਰਟ ਵਾਡਰਾ ਨੇ ਸਿਆਸਤ ਵਿੱਚ ਆਉਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਦੀ ਪਤਨੀ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਹਾਲ ਹੀ ਵਿੱਚ ਕਾਂਗਰਸ ਦਾ ਮੁੱਖ ਸਕੱਤਰ ਬਣਾਇਆ ਗਿਆ ਹੈ, ਉਹ ਪੂਰਬੀ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ।


ਵਾਡਰਾ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਲਿਖਿਆ ਹੈ ਕਿ ਉਨ੍ਹਾਂ ਦੇ ਸਾਲਾਂਬੱਧੀ ਤਜ਼ਰਬੇ ਤੇ ਸਿੱਖਿਆਵਾਂ ਨੂੰ ਬੇਕਾਰ ਨਹੀਂ ਰਹਿਣ ਦਿੱਤਾ ਜਾ ਸਕਦਾ। ਉਨ੍ਹਾਂ ਲਿਖਿਆ ਹੈ ਕਿ ਉਨ੍ਹਾਂ ਕਾਫੀ ਸਮਾਂ ਪ੍ਰਟਾਰ ਵਿੱਚ ਲਾਇਆ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਚੋਣ ਦੌਰਿਆਂ 'ਤੇ ਉਹ ਗਏ ਹਨ, ਪਰ ਯੂਪੀ ਉਨ੍ਹਾਂ ਲਈ ਸਭ ਤੋਂ ਅਹਿਮ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਲਈ ਨਿੱਕੀਆਂ ਨਿੱਕੀਆਂ ਤਬਦੀਲੀਆਂ ਕਰਨਾ ਚਾਹੁੰਦੇ ਹਨ, ਜੋ ਲੋਕਾਂ ਲਈ ਲਾਹੇਵੰਦ ਹੋਣਗੇ।

ਫਿਲਹਾਲ ਰਾਬਰਟ ਵਾਡਰਾ ਕਾਲਾ ਧਨ ਤੇ ਗ਼ੈਰ ਕਾਨੂੰਨੀ ਤਰੀਕੇ ਨਾਲ ਜ਼ਮੀਨ ਖਰੀਦਣ ਦੇ ਮਾਮਲਿਆਂ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਦਾ ਸਾਹਮਣਾ ਕਰ ਰਹੇ ਹਨ। 49 ਸਾਲਾ ਵਾਡਰਾ ਨੇ ਕਿਹਾ ਕਿ ਉਹ ਕਾਨੂੰਨ ਦਾ ਸਨਮਾਨ ਕਰਦੇ ਹਨ ਤੇ ਅੱਠ ਵਾਰ ਈਡੀ ਵੱਲੋਂ ਤਲਬ ਕੀਤੇ ਜਾਣ ਨਾਲ ਵੀ ਉਨ੍ਹਾਂ ਕਾਫੀ ਕੁਝ ਸਿੱਖਿਆ ਹੈ।

ਜ਼ਿਕਰਯੋਗ ਹੈ ਕਿ ਵਾਡਰਾ ਨੇ ਪਹਿਲਾਂ ਵੀ ਸਿਆਸਤ ਵਿੱਚ ਆਉਣ ਦੇ ਸੰਕੇਤ ਦਿੱਤੇ ਸਨ। ਉਹ ਅਮੇਠੀ ਤੇ ਰਾਏਬਰੇਲੀ ਦੇ ਦੌਰਿਆਂ 'ਤੇ ਵੀ ਗਏ ਸਨ। ਸੂਤਰਾਂ ਦਾ ਕਹਿਣਾ ਹੈ ਕਿ ਇੱਕ ਦਹਾਕਾ ਪਹਿਲਾਂ ਉਹ ਚੋਣ ਲੜਨ ਦੇ ਇੱਛੁਕ ਸਨ, ਪਰ ਉਦੋਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਸੀ।