ਨਵੀਂ ਦਿੱਲੀ: ਸਾਬਕਾ ਮੁੱਖ ਮੰਤਰੀ ਐਨਡੀ ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਦੇ ਕਲਤ ਕੇਸ ‘ਚ ਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਉਸ ਦੀ ਪਤਨੀ ਅਪੂਰਵਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿਛ ‘ਚ ਅਪੂਰਵਾ ਨੇ ਰੋਹਿਤ ਨੂੰ ਮਾਰਮ ਦਾ ਜੁਰਮ ਕਬੂਲ ਕੀਤਾ ਹੈ। ਰੋਹਿਤ ਦੀ ਮਾਂ ੳੱਜਵਲਾ ਤਿਵਾੜੀ ਦਾ ਕਹਿਣਾ ਹੈ ਕਿ ਇਹ ਲਵ ਮੈਰਿਜ ਸੀ ਜਿਸ ਤੋਂ ਬਾਅਦ ਵੀ ਦੋਵਾਂ ‘ਚ ਤਣਾਅ ਸੀ।
ਦਿੱਲੀ ਦੇ ਵਧੀਕ ਪੁਲਿਸ ਕਮਿਸ਼ਨਰ ਰਾਜੀਵ ਰੰਜਨ ਨੇ ਕਿਹਾ, “ਅਸੀਂ ਅਪੂਰਵਾ ਨੂੰ ਵਿਗਿਆਨਕ ਸਬੂਤਾਂ ਤੇ ਫੋਰੈਂਸਿਕ ਸਬੂਤਾਂ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਪਤੀ ਨੂੰ ਮਾਰਨ ਦੀ ਗੱਲ ਮੰਨੀ ਲਈ ਹੈ। ਇਹ ਵੀ ਦੱਸਿਆ ਕਿ ਉਹ ਵਿਆਹ ਤੋਂ ਖੁਸ਼ ਨਹੀਂ ਸੀ।” ਪੁਲਿਸ ਨੇ ਕਿਹਾ ਕਿ ਜਾਂਚ ਅਫਸਰ ਨੇ ਇਹ ਵੀ ਦੱਸਿਆ ਕਿ ਅਪੂਰਵਾ ਨੇ ਸ਼ੁਰੂਆਤ ‘ਚ ਮਾਮਲੇ ਦੀ ਜਾਂਚ ਕਰ ਰਹੀ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਭਟਕਾਉਣ ਦੀ ਵੀ ਕੋਸ਼ਿਸ਼ ਕੀਤੀ ਸੀ। ਰੋਹਿਤ-ਅਪੂਰਵਾ ਦਾ ਵਿਆਹ ਪਿਛਲੇ ਸਾਲ ਮਈ ‘ਚ ਹੋਇਆ ਸੀ। ਟੀਮ ਨੇ ਇਹ ਕਤਲ ਕੇਸ ਨੂੰ ਸੁਲਝਾਉਣ ਲਈ ਆਖਰੀ ਤਿੰਨ ਘੰਟਿਆਂ ‘ਤੇ ਫੋਕਸ ਕੀਤਾ ਹੈ। ਘਟਨਾ ਵਾਲੀ ਰਾਤ ਇੱਕ ਵਜੇ ਤੋਂ ਲੈ ਕੇ ਤੜਕੇ 4 ਵਜੇ ਤਕ ਦੀਆਂ ਕੜੀਆਂ ਨੂੰ ਜੋੜਿਆ ਗਿਆ। ਮਿਲੀ ਸੀਸੀਟੀਵੀ ਫੁਟੇਜ਼ ‘ਚ ਸਾਹਮਣੇ ਆਇਆ ਹੈ ਕਿ ਕਰੀਬ 11:30 ਵਜੇ ਰੋਹਿਤ ਪਹਿਲੀ ਮੰਜ਼ਲ ਦੇ ਕਮਰੇ ‘ਚ ਜਾ ਕੇ ਸੌਂ ਗਿਆ ਜਿਸ ਤੋਂ ਬਾਅਦ ਰਾਤ 1:30 ਵਜੇ ਅਪੂਰਵਾ ਗ੍ਰਾਉਂਡ ਫਲੋਰ ਤੋਂ ਪਹਿਲੀ ਮੰਜ਼ਲ ‘ਤੇ ਜਾਂਦੀ ਨਜ਼ਰ ਆਈ ਹੈ। ਠੀਕ ਇੱਕ ਘੰਟੇ ਬਾਅਦ ਉਹ ਗ੍ਰਾਉਂਡ ਫਲੋਰ ‘ਤੇ ਵਾਪਸ ਆਉਂਦੀ ਦਿਖਦੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਸ ਦੌਰਾਨ ਦੋਵਾਂ ‘ਚ ਹੱਥੋਪਾਈ ਹੋਈ ਹੋਵੇਗੀ।
ਪੁਲਿਸ ਮੁਤਾਬਕ ਰੋਹਿਤ ਦੀ ਗਰਦਨ ‘ਤੇ ਨਿਸ਼ਾਨ ਸੀ ਜਿਸ ਤੋਂ ਬਾਅਦ ਮੰਗਲਵਾਰ ਨੂੰ ਅਪੂਰਵਾ ਦੇ ਨਹੁੰ ਤੇ ਵਾਲਾਂ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਰੋਹਿਤ ਦੀ ਕਾਲ ਡਿਟੇਲ ਤੋਂ ਪਤਾ ਲੱਗਿਆ ਹੈ ਕਿ ਵਾਰਦਾਤ ਵਾਲੀ ਰਾਤ ਹੀ ਰੋਹਿਤ ਦੇ ਫੋਨ ਤੋਂ ਕਰੀਬ 4:10 ਵਜੇ ਕੁਮਕੁਮ ਨਾਂ ਦੀ ਔਰਤ ਨੂੰ ਵੀ ਫੋਨ ਗਿਆ ਸੀ। ਇਸ ਤੋਂ ਇਲਾਵਾ ਵੀ ਕਈ ਲ਼ੈਂਡਲਾਈਨ ਫੋਨ ਹੋਏ ਸੀ। ਜਦਕਿ ਪੋਸਟਮਾਰਟਮ ‘ਚ ਰੋਹਿਤ ਦੀ ਮੌਤ ਦਾ ਸਮਾਂ 1:30 ਤੋਂ 2:30 ਵਜੇ ਤਕ ਆਇਆ ਹੈ। ਹੁਣ ਜਾਂਚ ਟੀਮ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਰ ਕੁਮਕੁਮ ਨੂੰ ਫੋਨ ਕਿਸ ਨੇ ਕੀਤਾ ਤੇ ਕਤਲ ਦਾ ਮਕਸਦ ਕੀ ਸੀ।