PM ਮੋਦੀ ਤੋਂ ਸੰਘ ਹੋਇਆ ਖ਼ੁਸ਼
ਏਬੀਪੀ ਸਾਂਝਾ | 11 Oct 2016 12:31 PM (IST)
ਨਾਗਪੁਰ : ਆਰ ਐਸ ਐਸ ਦੇ ਸਥਾਪਨਾ ਦਿਵਸ ਦੇ ਮੌਕੇ ਉੱਤੇ ਸੰਘ ਮੁਖੀ ਮੋਹਨ ਭਾਗਵਤ ਨੇ ਭਾਰਤੀ ਸੈਨਾ ਵੱਲੋਂ ਕੀਤੇ ਗਏ ਸਰਜੀਕਲ ਸਟ੍ਰਾਈਕ ਦੀ ਖ਼ੂਬ ਤਾਰੀਫ਼ ਕੀਤੀ ਹੈ। ਨਾਗਪੁਰ ਵਿਖੇ ਵਿਜੇ ਦਸ਼ਮੀ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਮੋਹਨ ਭਾਗਵਤ ਨੇ ਆਖਿਆ ਕਿ ਸਾਡੇ ਸ਼ਾਸਨ ਦੌਰਾਨ ਪਾਕਿਸਤਾਨ ਨੂੰ ਚੰਗਾ ਜਵਾਬ ਦਿੱਤਾ ਗਿਆ ਹੈ ਜਿਸ ਤੋਂ ਉਸ ਨੂੰ ਸਬਕ ਮਿਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਖ਼ੁਸ਼ ਮੋਹਨ ਭਾਗਵਤ ਨੇ ਆਖਿਆ ਕਿ ਦੇਸ਼ ਅੱਗੇ ਵੱਧ ਰਿਹਾ ਹੈ। ਪਰ ਕੁੱਝ ਸ਼ਕਤੀਆਂ ਅਜਿਹੀਆਂ ਹਨ ਜੋ ਭਾਰਤ ਦੇ ਪ੍ਰਭਾਵ ਨੂੰ ਅੱਗੇ ਜਾਣ ਤੋਂ ਰੋਕਣਾ ਚਾਹੁੰਦੀਆਂ ਹਨ। ਭਾਗਵਤ ਨੇ ਦਾਅਵਾ ਕੀਤਾ ਕਿ ਮੀਰਪੁਰ, ਮੁਜਫਰਾਬਾਦ , ਗਿਲਗਿਤ, ਬਲੋਚਿਸਤਾਨ ਸਮੇਤ ਪੂਰਾ ਕਸ਼ਮੀਰ ਸਾਡਾ ਹੈ। ਪਾਕਿਸਤਾਨ ਦਾ ਬਿਨਾਂ ਨਾਮ ਲਏ ਸੰਘ ਪ੍ਰਮੁੱਖ ਨੇ ਆਖਿਆ ਕਿ ਸੀਮਾ ਪਾਰ ਤੋਂ ਕੁੱਝ ਸ਼ਕਤੀਆਂ ਵਾਦੀ ਵਿੱਚ ਸ਼ਾਂਤੀ ਨਹੀਂ ਹੋਣ ਦੇਣਾ ਚਾਹੁੰਦੀਆਂ ਅਤੇ ਇਹ ਗੱਲ ਸਾਰੀ ਦੁਨੀਆ ਜਾਣਦੀ ਹੈ। ਉਨ੍ਹਾਂ ਆਖਿਆ ਕਿ ਸਾਡੇ ਸ਼ਾਸਨ ਦੌਰਾਨ ਸੈਨਾ ਨੇ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਇਸ ਨਾਲ ਪੂਰੀ ਦੁਨੀਆ ਵਿੱਚ ਭਾਰਤ ਦੇ ਮਾਣ ਵਿੱਚ ਵਾਧਾ ਹੋਇਆ ਹੈ।