ਨਵੀਂ ਦਿੱਲੀ: ਗੁਰੂਗ੍ਰਾਮ ਦੇ ਰਿਆਨ ਸਕੂਲ ਦੇ ਤਿੰਨੇ ਟਰੱਸਟੀਆਂ ਦੀ ਅਗਾਊਂ ਜ਼ਮਾਨਤ 'ਤੇ ਸੁਪਰੀਮ ਕੋਰਟ ਨੇ ਮੋਹਰ ਲਾ ਦਿੱਤੀ ਹੈ। ਇਸੇ ਸਕੂਲ 'ਚ ਆਪਣੇ ਮੁੰਡੇ ਪ੍ਰਦਿਊਮਨ ਦੇ ਕਤਲ ਤੋਂ ਬਾਅਦ ਪਿਤਾ ਵਰੁਣ ਠਾਕੁਰ ਨੇ ਰਿਆਨ ਸਕੂਲ ਦੇ ਮਾਲਕਾਂ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰਨ ਦੀ ਅਪੀਲ ਸੁਪਰੀਮ ਕੋਰਟ 'ਚ ਕੀਤੀ ਸੀ, ਜਿਸ ਨੂੰ ਕੋਰਟ ਨੇ ਨਹੀਂ ਮੰਨਿਆ।
ਇਸ ਤੋਂ ਪਹਿਲਾਂ ਪ੍ਰਦਿਊਮਨ ਦੇ ਕਤਲ ਮਾਮਲੇ 'ਚ ਪਿੰਟੋ ਪਰਿਵਾਰ ਦੀ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਜ਼ਮਾਨਤ ਨੂੰ ਰੱਦ ਕਰਵਾਉਣ ਤੇ ਪਿੰਟੋ ਪਰਿਵਾਰ ਦੀ ਗ੍ਰਿਫਤਾਰੀ ਨੂੰ ਲੈ ਕੇ ਪ੍ਰਦਿਊਮਨ ਦੇ ਪਰਿਵਾਰ ਨੇ ਕੋਰਟ ਦਾ ਬੂਹਾ ਖੜਕਾਇਆ ਸੀ।
ਪਰਿਵਾਰ ਦਾ ਮੰਨਣਾ ਹੈ ਕਿ ਸਕੂਲ 'ਚ ਸੁਰੱਖਿਆ ਦੀ ਜ਼ਿੰਮੇਵਾਰੀ ਸਕੂਲ ਮਾਲਕ ਦੀ ਹੈ। ਅਜਿਹੇ 'ਚ ਉਹ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਸੀਬੀਆਈ ਦੇ ਸਵਾਲਾਂ ਤੋਂ ਬਚ ਸਕਣ।