ਨਾਮਜ਼ਦਗੀ ਭਰਨ ਗਏ ਅਮਿਤ ਸ਼ਾਹ ਬਾਰੇ ਬਾਦਲ ਨੇ ਕੀਤੀ ਵੱਡੀ ਭਵਿੱਖਬਾਣੀ
ਏਬੀਪੀ ਸਾਂਝਾ | 30 Mar 2019 01:35 PM (IST)
ਅਹਿਮਦਾਬਾਦ: ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਅੱਜ ਗਾਂਧੀਨਗਰ ਸੀਟ ਤੋਂ ਲੋਕ ਸਭਾ ਚੋਣਾਂ ਲਈ ਆਪਣੀ ਨਾਮਜ਼ਦਗੀ ਦਾਖ਼ਲ ਕਰਨਗੇ। ਇਸ ਸੀਟ ‘ਤੇ 1989 ਤੋਂ ਹੀ ਭਾਜਪਾ ਦਾ ਕਬਜ਼ਾ ਰਿਹਾ ਹੈ। ਨਾਮਜ਼ਦਗੀ ਦਾਖ਼ਲ ਕਰਨ ਤੋਂ ਪਹਿਲਾਂ ਅਮਿਤ ਸ਼ਾਹ ਅਹਿਮਦਾਬਾਦ ‘ਚ ਰੋਡ ਸ਼ੋਅ ਕਰ ਰਹੇ ਹਨ ਅਤੇ ਉਨ੍ਹਾਂ ਨੇ ਅੱਜ ਜਨ ਸਭਾ ਨੂੰ ਸੰਬੋਧਨ ਵੀ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪਹੁੰਚੇ ਸਨ। ਉਨ੍ਹਾਂ ਕਿਹਾ, “ਅੱਜ ਗਾਂਧੀਨਗਰ ਲੋਕ ਸਭਾ ਖੇਤਰ ਤੋਂ ਬੀਜੇਪੀ ਦੇ ਉਮੀਦਵਾਰ ਦੇ ਤੌਰ ‘ਤੇ ਨਾਮਜ਼ਦਗੀ ਕਰਨ ਜਾ ਰਿਹਾ ਹਾਂ। ਮੈਨੂੰ ਅੱਜ 1982 ਦੇ ਦਿਨ ਯਾਦ ਆ ਰਿਹਾ ਹੈ ਜਦੋਂ ਮੈਂ ਇੱਥੇ ਇੱਕ ਛੋਟੇ ਜਿਹੇ ਬੂਥ ਦਾ ਪ੍ਰਧਾਨ ਸੀ।” ਨਾਲ ਹੀ ਉਨ੍ਹਾਂ ਕਿਹਾ ਕਿ ਮੇਰੀ ਖੁਸ਼ਕਿਸਮਤੀ ਹੈ ਕਿ ਬੀਜੇਪੀ ਮੈਨੂੰ ਗਾਂਧੀਨਗਰ ਤੋਂ ਸੰਸਦ ਮੈਂਬਰ ਬਣਾਉਣ ਜਾ ਰਹੀ ਹੈ। ਅਮਿਤ ਸ਼ਾਹ ਤੋਂ ਪਹਿਲਾਂ ਲੋਕਾਂ ਨੂੰ ਕੇਂਦਰੀ ਮੰਤਰੀ ਰਾਜਨਾਥ ਸਿੰਘ, ਨਿਤਿਨ ਗਡਕਰੀ, ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਅਤੇ ਸ਼ਿਵ ਸੇਨਾ ਮੁਖੀ ਊਧਵ ਠਾਕਰੇ ਨੇ ਵੀ ਜਨ ਸਭਾ ਨੂੰ ਸੰਬੋਧਿਤ ਕੀਤਾ। ਪ੍ਰਕਾਸ਼ ਸਿੰਘ ਬਾਦਲ ਨੇ ਮੰਚ ਤੋਂ ਕਿਹਾ ਕਿ ਅਮਿਤ ਸ਼ਾਹ ਮੋਦੀ ਸਰਕਾਰ ‘ਚ ਮੰਤਰੀ ਬਣਨਗੇ। ਗੁਜਰਾਤ ‘ਚ ਸਾਰੀਆਂ 26 ਸੀਟਾਂ ਦੇ ਲਈ 23 ਅਪਰੈਲ ਨੂੰ ਮੱਤਦਾਨ ਹੋਣਾ ਹੈ ਜਿੱਥੇ ਨਾਮਜ਼ਦਗੀ ਦੀ ਆਖਰੀ ਤਾਰੀਖ ਚਾਰ ਅਪਰੈਲ ਹੈ।