ਚੰਡੀਗੜ੍ਹ: ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਸਿੱਖ ਕਤਲੇਆਮ ਦੇ ਦੋਸ਼ੀ ਸਾਬਕਾ ਕਾਂਗਰਸ ਲੀਡਰ ਸੱਜਣ ਕੁਮਾਰ ਨੂੰ ਮੰਡੋਲੀ ਜੇਲ੍ਹ ਭੇਜਿਆ ਹੈ। ਇੱਥੇ ਉਸ ਨੂੰ ਬੈਰਕ ਨੰਬਰ 14 ਵਿੱਚ ਰੱਖਿਆ ਗਿਆ ਹੈ। ਉਸ ਦੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਹਾਲ ਹੀ ਵਿੱਚ ਦਿੱਲੀ ਹਾਈਕੋਰਟ ਨੇ ਸੱਜਣ ਕੁਮਾਰ ਨੂੰ ਸਿੱਖ ਕਤਲੇਆਮ ਦਾ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਸੋਮਵਾਰ ਨੂੰ ਸੱਜਣ ਕੁਮਾਰ ਨੇ ਅਦਾਲਤ ਜਾ ਕੇ ਆਤਮ ਸਮਰਪਣ ਕੀਤਾ। ਇਸ ਦੇ ਬਾਅਦ ਉਸ ਨੂੰ ਜੇਲ੍ਹ ਭੇਜੇ ਜਾਣ ਦੀ ਕਾਰਵਾਈ ਸ਼ੁਰੂ ਕੀਤੀ ਗਈ। ਸਭ ਨੂੰ ਇਹੀ ਲੱਗ ਰਿਹਾ ਸੀ ਕਿ ਤਿਹਾੜ ਜੇਲ੍ਹ ਭੇਜਿਆ ਜਾਏਗਾ ਪਰ ਅਦਾਲਤ ਨੇ ਸੱਜਣ ਨੂੰ ਦਿੱਲੀ ਦੀ ਮੰਡੋਲੀ ਜੇਲ੍ਹ ਭੇਜਣ ਦਾ ਫੁਰਮਾਨ ਜਾਰੀ ਕੀਤਾ। ਇਸ ਦੀ ਵੱਡਾ ਵਜ੍ਹਾ ਸੱਜਣ ਦੀ ਸੁਰੱਖਿਆ ਸੀ।
ਦਰਅਸਲ ਤਿਹਾੜ ਜੇਲ੍ਹ ਵਿੱਚ ਕਈ ਖਾਲਿਸਤਾਨੀ ਤੇ ਸਿੱਖ ਸਿੱਖ ਕੈਦੀਆਂ ਤੋਂ ਇਲਾਵਾ ਦੇਸ਼ ਦੇ ਖੂੰਖਾਰ ਅਪਰਾਧੀ ਹਨ। ਇਸ ਤੋਂ ਇਲਾਵਾ ਉੱਥੇ ਸਮਰਥਾ ਨਾਲੋਂ ਵੱਧ ਕੈਦੀ ਰੱਖੇ ਗਏ ਹਨ। ਅਜਿਹੇ ਵਿੱਚ ਸੱਜਣ ਕੁਮਾਰ ਨੂੰ ਉੱਥੇ ਰੱਖਣਾ ਉਸ ਦੀ ਸੁਰੱਖਿਆ ਨੂੰ ਵੱਡੀ ਚੁਣੌਤੀ ਦੇ ਸਕਦਾ ਸੀ। ਲਿਹਾਜ਼ਾ ਉਸ ਨੂੰ ਮੰਡੋਲੀ ਜੇਲ੍ਹ ਭੇਜਣ ਦਾ ਫੈਸਲਾ ਕੀਤਾ ਗਿਆ ਹੈ।