ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚਾ (SKM) ਦੇ ਲੀਡਰਾਂ ਨੇ ਵੀਰਵਾਰ ਨੂੰ ਹਰਿਆਣਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ’ਚ ਇਹ ਫ਼ੈਸਲਾ ਲਿਆ ਗਿਆ ਕਿ ਆਕਸੀਜਨ, ਐੱਬੂਲੈਂਸ ਤੇ ਹੋਰ ਜ਼ਰੂਰੀ ਸੇਵਾਵਾਂ ਲਈ GT ਕਰਨਾਲ ਰੋਡ ਦਾ ਇੱਕ ਹਿੱਸਾ ਖੋਲ੍ਹਿਆ ਜਾਵੇਗਾ, ਜਿਸ ਉੱਤੇ ਦਿੱਲੀ ਪੁਲਿਸ ਨੇ ਬੈਰੀਕੇਡ ਲਾਏ ਹੋਏ ਹਨ।
ਸੋਨੀਪਤ ਦੇ ਐਸਪੀ ਤੇ ਸੀਐਮਓ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ’ਚ ਹੋਈ ਇਸ ਮੀਟਿੰਗ ਵਿੱਚ ਸਿੰਘੂ ਬਾਰਡਰ ਤੋਂ ਸੰਯੁਕਤ ਕਿਸਾਨ ਮੋਰਚਾ ਦੇ ਨੇਤਾ ਸ਼ਾਮਲ ਹੋਏ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਛੇਤੀ ਹੀ ਮੁੱਖ ਸੜਕ ਦਾ ਹਿੱਸਾ ਐਮਰਜੈਂਸੀ ਸੇਵਾਵਾਂ ਲਈ ਖੋਲ੍ਹ ਦਿੱਤਾ ਜਾਵੇਗਾ; ਤਾਂ ਜੋ ਕਿਸਾਨਾਂ ਕਰਕੇ ਕਿਸੇ ਆਮ ਨਾਗਰਿਕ ਨੂੰ ਕੋਈ ਸਮੱਸਿਆ ਨਾ ਆਵੇ ਤੇ ਕੋਰੋਨਾ ਵਿਰੁੱਧ ਜੰਗ ਛੇਤੀ ਜਿੱਤੀ ਜਾਵੇ।
ਸੰਯੁਕਤ ਕਿਸਾਨ ਮੋਰਚਾ ਨੇ ਦੋਸ਼ ਲਾਇਆ ਕਿ ਜਿੱਥੇ ਭਾਰਤੀ ਜਨਤਾ ਪਾਰਟੀ ਤੇ ਕੇਂਦਰ ਸਰਕਾਰ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਉੱਤੇ ਦਿੱਲੀ ਸ਼ਹਿਰ ’ਚ ਆਕਸੀਜਨ ਦੀ ਸਪਲਾਈ ਵਿੱਚ ਰੁਕਾਵਟ ਪਾਉਣ ਦਾ ਦੋਸ਼ ਲਾਇਆ ਹੈ। ਉੱਥੇ ਇਹ ਵੀ ਵੇਖਿਆ ਗਿਆ ਹੈ ਕਿ ਪੁਲਿਸ ਆਕਸੀਜਨ ਦੀ ਸਪਲਾਈ ਕਰਨ ਵਾਲੇ ਟਰੱਕਾਂ ਨੂੰ ਸਹੀ ਰਸਤੇ ਵੱਲ ਇਸ਼ਾਰਾ ਕਰਨ ਦੀ ਥਾਂ ਕਿਸਾਨਾਂ ਦੇ ਧਰਨਾ ਸਥਾਨਾਂ ਵੱਲ ਗ਼ਲਤ ਤਰੀਕੇ ਰੋਕ ਰਹੀ ਹੈ।
ਕਿਸਾਨ ਮੋਰਚਾ ਨੇ ਕਿਹਾ ਕਿ ਕਿਸਾਨ ਗਿਣਤੀ ’ਚ ਵੱਧ ਜ਼ਰੂਰ ਹਨ ਪਰ ਉਹ ਦੂਰ-ਦੂਰ ਬੈਠੇ ਹਨ ਤੇ ਜ਼ਰੂਰੀ ਸੇਵਾਵਾਂ ਲਈ ਰਸਤਾ ਖੁੱਲ੍ਹਾ ਹੈ। ਸੰਯੁਕਤ ਕਿਸਾਨ ਮੋਰਚਾ ਵੱਲੋਂ ਡਾ. ਦਰਸ਼ਨ ਪਾਲ ਨੇ ਇੱਕ ਬਿਆਨ ’ਚ ਕਿਹਾ ਕਿ ਕਿਸਾਨ ਵੱਡੀ ਗਿਣਤੀ ’ਚ ਵਿਰੋਧ ਵਾਲੇ ਸਥਾਨਾਂ ਉੱਤੇ ਵਾਪਸ ਆਉਣ ਦੀ ਤਿਆਰੀ ਕਰ ਰਹੇ ਹਨ। 23 ਅਪ੍ਰੈਲ ਨੂੰ ਟ੍ਰੈਕਟਰ ਟ੍ਰਾਲੀਆਂ ’ਚ ਪ੍ਰਦਰਸ਼ਨਕਾਰੀਆਂ ਦਾ ਇੱਕ ਵੱਡਾ ਕਾਫ਼ਲਾ ਸਿੰਘੂ ਬਾਰਡਰ ਲਈ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਬਰਵਾਸਨੀ ਤੋਂ ਰਵਾਨਾ ਹੋਵੇਗਾ।
ਇਹ ਕਿਸਾਨ, ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨਾਲ ਜੁੜੇ ਹੋਏ ਹਨ। ਇਸ ਕਾਫ਼ਲੇ ’ਚ ਕਈ ਮਹਿਲਾ ਕਿਸਾਨ ਵੀ ਹੋਣਗੀਆਂ। ਕਣਕ ਦੀ ਵਾਢੀ ਲਈ ਗਏ ਕਿਸਾਨ ਹੁਣ ਹਜ਼ਾਰਾਂ ਦੀ ਗਿਣਤੀ ’ਚ ਉਤਸਾਹ ਨਾਲ ਵਾਪਸ ਆ ਰਹੇ ਹਨ। ਕਿਸਾਨ ਮੋਰਚਾ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦੀ ਆਪਣੀ ਏਜੰਸੀ ਹੈ, ਜਿਸ ਨੂੰ ਸਰਕਾਰ ਹਮੇਸ਼ਾ ਬਦਨਾਮ ਕਰਦੀ ਹੈ। ਅਸੀਂ ਉਨ੍ਹਾਂ ਦੇ ਦੁੱਖ-ਦਰਦ ਨੂੰ ਸਮਝਦਿਆਂ ਧਰਨ ਵਾਲੇ ਉਨ੍ਹਾਂ ਸਥਾਨਾਂ ਉੱਤੇ ਸੱਦ ਰਹੇ ਹਾਂ, ਤਾਂ ਜੋ ਉਨ੍ਹਾਂ ਨੂੰ ਇਸ ਸੰਕਟ ਦੀ ਘੜੀ ਯਾਤਰਾ ਤੇ ਖਾਣ ਜਾਂ ਰਹਿਣ ਦੀ ਕੋਈ ਸਮੱਸਿਆ ਨਾ ਹੋਵੇ।
ਇਹ ਵੀ ਪੜ੍ਹੋ: Corona Impact: ਕੈਨੇਡਾ ਤੇ UAE ਨੇ ਭਾਰਤੀ ਉਡਾਣਾਂ ’ਤੇ ਲਾਈ ਪਾਬੰਦੀ, ਦੋਵਾਂ ਮੁਲਕਾਂ 'ਚ ਨਹੀਂ ਜਾ ਸਕਣਗੇ ਜਹਾਜ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904