ਰੌਬਟ
ਚੰਡੀਗੜ੍ਹ: ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਲਈ ਨਾ ਸਿਰਫ ਭਾਜਪਾ ਨੇ ਆਪਣੇ ਸਾਰੇ ਚੋਟੀ ਦੇ ਲੀਡਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਬਲਕਿ ਚੋਣ ਪ੍ਰਚਾਰ ਵਿੱਚ ਮਸ਼ਹੂਰ ਕਲਾਕਾਰਾਂ ਦੀ ਵੀ ਮਦਦ ਲਈ ਜਾ ਰਹੀ ਹੈ। ਭਾਜਪਾ ਨੇਤਾ ਤੇ ਹਰਿਆਣਵੀਂ ਕਲਾਕਾਰ ਸਪਨਾ ਚੌਧਰੀ ਦਿੱਲੀ ਵਿੱਚ ਭਾਜਪਾ ਉਮੀਦਵਾਰਾਂ ਲਈ ਵੋਟਾਂ ਮੰਗ ਰਹੀ ਹੈ। ਹਾਲਾਂਕਿ, ਇੱਕ ਸਭਾ ਵਿੱਚ ਸਪਨਾ ਚੌਧਰੀ ਨੂੰ ਅਜੀਬ ਸਥਿਤੀ ਦਾ ਸਾਹਮਣਾ ਕਰਨਾ ਪਿਆ।



ਸਪਨਾ ਚੌਧਰੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਸਪਨਾ ਚੌਧਰੀ ਭਾਜਪਾ ਉਮੀਦਵਾਰ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੀ ਹੈ। ਸਪਨਾ ਚੌਧਰੀ ਨੇ ਸਭਾ ਵਿੱਚ ਮੌਜੂਦ ਲੋਕਾਂ ਨੂੰ ਪੁੱਛਿਆ, “ਤੁਸੀਂ ਕਿਸ ਨੂੰ ਵੋਟ ਦੇਵੋਗੇ?” ਇਸ ਦੇ ਜਵਾਬ ਵਿੱਚ ਸਭਾ 'ਚ ਮੌਜੂਦ ਕੁਝ ਲੋਕਾਂ ਨੇ ਕਿਹਾ 'ਆਮ ਆਦਮੀ ਪਾਰਟੀ'। ਸਪਨਾ ਚੌਧਰੀ ਜਵਾਬ ਸੁਣ ਕੇ ਕੁਝ ਅਸਹਿਜ ਹੋ ਗਈ।

ਹਾਲਾਂਕਿ, ਸਪਨਾ ਚੌਧਰੀ ਨੇ ਇੱਕ ਵਾਰ ਫਿਰ ਲੋਕਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਉਹ ਕਿਸ ਨੂੰ ਵੋਟ ਪਾਉਣਗੇ ਪਰ ਭੀੜ ਵਿੱਚੋਂ ਉੱਚੀ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ, 'ਕੇਜਰੀਵਾਲ ਨੂੰ ਕੇਜਰੀਵਾਲ ਨੂੰ'। ਸਪਨਾ ਚੌਧਰੀ ਦਾ ਕਰੀਬ 30 ਸੈਕਿੰਡ ਦਾ ਇਹ ਵੀਡੀਓ ਟਵਿੱਟਰ 'ਤੇ ਵਾਇਰਲ ਹੋ ਰਿਹਾ ਹੈ।