ਨਵੀਂ ਦਿੱਲੀ: ਹਰਿਆਣਾ ਦੀ ਮਸ਼ਹੂਰ ਕਲਾਕਾਰ ਤੇ ਬਿੱਗ ਬੌਸ ਫੇਮ ਸਪਨਾ ਚੌਧਰੀ ਨੇ ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਚੌਧਰੀ ਨੇ ਪ੍ਰੈਸ ਕਾਨਫਰੰਸ ਕਰ ਇਹ ਖੁਲਾਸਾ ਕੀਤਾ ਹੈ। ਸਪਨਾ ਚੌਧਰੀ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਪਾਰਟੀ ਦੇ ਸੋਸ਼ਲ ਮੀਡੀਆ ਵਿੱਚ ਵੀ ਛਾ ਗਈਆਂ ਸਨ ਅਤੇ ਲੋਕਾਂ ਨੇ ਉਨ੍ਹਾਂ ਨੂੰ ਵਧਾਈਆਂ ਅਤੇ ਵਿਰੋਧੀਆਂ ਨੇ ਇਸ 'ਤੇ ਤੰਜ਼ ਕੱਸਣੇ ਵੀ ਸ਼ੁਰੂ ਕਰ ਦਿੱਤੇ ਸਨ।


ਸਪਨਾ ਚੌਧਰੀ ਦਾ ਇਹ ਖੁਲਾਸਾ ਉਦੋਂ ਸਾਹਮਣੇ ਆਇਆ ਹੈ ਜਦੋਂ ਕਾਂਗਰਸ ਨੇ ਮਥੁਰਾ ਲੋਕ ਸਭਾ ਸੀਟ ਤੋਂ ਬੀਜੇਪੀ ਦੀ ਉਮੀਦਵਾਰ ਹੇਮਾ ਮਾਲਿਨੀ ਦੇ ਵਿਰੋਧ ਵਿੱਚ ਮਹੇਸ਼ ਪਾਠਕ ਨੂੰ ਉਤਾਰ ਦਿੱਤਾ। ਪਹਿਲਾਂ ਕਿਆਸ-ਅਰਾਈਆਂ ਸਨ ਕਿ ਸਪਨਾ ਚੌਧਰੀ ਨੂੰ ਕਾਂਗਰਸ ਯੂਪੀ ਦੀ ਮਥੁਰਾ ਲੋਕ ਸਭਾ ਦੀ ਸੀਟ ਤੋਂ ਲੋਕ ਸਭਾ ਚੋਣ ਲੜਵਾਏਗੀ।


ਪਰ ਹੁਣ ਹਰਿਆਣਵੀ ਕਲਾਕਾਰ ਤੇ ਯੂ-ਟਿਊਬ ਸਨਸਨੀ ਸਪਨਾ ਚੌਧਰੀ ਨੇ ਸਾਫ ਕੀਤਾ ਹੈ ਕਿ ਉਹ ਕਾਂਗਰਸ ਦਾ ਹਿੱਸਾ ਨਹੀਂ ਹੈ। ਉਨ੍ਹਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ ਨੂੰ ਪੁਰਾਣੀਆਂ ਦੱਸਿਆ ਅਤੇ ਨਾਲੇ ਕਿਹਾ ਕਿ ਉਨ੍ਹਾਂ ਕੋਲ ਸਿਰਫ ਫੇਸਬੁੱਕ ਦਾ ਖਾਤਾ ਚੱਲਦਾ ਹੈ, ਇਸ ਤੋਂ ਉਨ੍ਹਾਂ ਦਾ ਕੋਈ ਵੀ ਅਧਿਾਕਾਰਤ ਸੋਸ਼ਲ ਮੀਡੀਆ ਖਾਤਾ ਨਹੀਂ ਹੈ। ਦਰਅਸਲ, ਸਪਨਾ ਚੌਧਰੀ ਦੇ ਨਾਂਅ ਤੋਂ ਬਣੇ ਹੋਏ ਕਈ ਸੋਸ਼ਲ ਮੀਡੀਆ ਖਾਤਿਆਂ 'ਤੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੀ ਕਥਿਤ ਤਸਵੀਰ ਸਾਂਝੀ ਕੀਤੀ ਗਈ ਸੀ।

ਪੁਰਾਣੀ ਖ਼ਬਰ ਵੀ ਪੜ੍ਹੋ- ਸਪਨਾ ਚੌਧਰੀ ਨੇ ਫੜਿਆ ਕਾਂਗਰਸ ਦਾ ਹੱਥ, ਹੇਮਾ ਮਾਲਿਨੀ ਖ਼ਿਲਾਫ਼ ਲੜ ਸਕਦੀ ਹੈ ਚੋਣ

ਚੌਧਰੀ ਨੇ ਦੱਸਿਆ ਕਿ ਉਨ੍ਹਾਂ ਦੇ ਪ੍ਰਿਅੰਕਾ ਗਾਂਧੀ ਸਮੇਤ ਸਿਆਸਤਦਾਨਾਂ ਨਾਲ ਚੰਗੇ ਸਬੰਧ ਹਨ ਪਰ ਉਹ ਕਾਂਗਰਸ ਤੇ ਨਾ ਹੀ ਕੋਈ ਹੋਰ ਸਿਆਸੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਏ। ਹਰਿਆਣਵੀ ਕਲਾਕਾਰ ਨੇ ਇਸ ਗੱਲ ਦਾ ਵੀ ਖੰਡਨ ਕੀਤਾ ਕਿ ਉਹ ਰਾਜ ਬੱਬਰ ਨੂੰ ਮਿਲੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਅਜਿਹੀ ਗੱਲ ਹੋਈ ਤਾਂ ਉਹ ਖ਼ੁਦ ਮੀਡੀਆ ਨੂੰ ਇਸ ਦਾ ਖੁਲਾਸਾ ਕਰਨਗੇ।