Punjab :ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਉਪ ਰਾਜਪਾਲ  ਵੀ ਕੇ ਸਕਸੈਨਾ ਨੂੰ ਅਪੀਲ ਕੀਤੀ ਕਿ ਉਹ ਸਤਿੰਦਰ ਜੈਨ ਨੂੰ ਕੇਜਰੀਵਾਲ ਸਰਕਾਰ ਦੇ ਮੰਤਰੀ ਵਜੋਂ ਤੁਰੰਤ ਬਰਖ਼ਾਸਤ ਕਰਨ ਕਿਉਂਕਿ ਜੇਲ੍ਹ ਵਿਚ ਰਹਿੰਦਿਆਂ ਵੀ ਉਹ ਆਪਣੇ ਖਿਲਾਫ ਕੇਸ ਦੇ ਗਵਾਹਾਂ ਤੇ ਸਹਿ-ਮੁਲਜ਼ਮਾਂ ਨੂੰ ਪ੍ਰਭਾਵਤ ਕਰਨ ਵਾਸਤੇ ਆਪਣੇ ਅਹੁਦੇ ਤੇ ਰੁਤਬੇ ਦੀ ਦੁਰਵਰਤੋਂ ਕਰ ਰਿਹਾ ਹੈ।


ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਿਰਸਾ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੁਕੱਦਮਾ ਅਦਾਲਤ ਵਿਚ ਪੇਸ਼ ਕੀਤੇ ਵੀਡੀਓ ਸਬੂਤਾਂ ਅਤੇ ਹਲਫੀਆ ਬਿਆਨ ਦਾ ਹਵਾਲਾ ਦਿੱਤਾ ਜਿਸ ਵਿਚ ਦੱਸਿਆ ਗਿਆ ਹੈ ਕਿ ਸਤਿੰਦਰ ਜੈਨ ਜੇਲ੍ਹ ਵਿਚ ਇਲੈਕਟ੍ਰਾਨਿਕ ਉਪਕਰਣਾਂ ਦੀ ਵਰਤੋਂ ਕਰ ਰਿਹਾ ਹੈ ਤੇ ਸਹਿ-ਮੁਲਜ਼ਮਾਂ ਤੇ ਗਵਾਹਾਂ ਨਾਲ ਮੁਲਾਕਾਤਾਂ ਕਰ ਰਿਹਾ ਹੈ ਤਾਂ ਜੋ ਆਪਣੇ ਖਿਲਾਫ ਕੇਸ ਵਿਚ ਉਹਨਾਂ ਨੂੰ ਪ੍ਰਭਾਵਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਇਹ ਜਿਥੇ ਜੇਲ੍ਹ ਮੈਨੂਅਲ ਦੀ ਉਲੰਘਣਾ ਹੈ, ਉਥੇ ਵੱਡਾ ਜ਼ੁਰਮ ਹੈ।






ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਸਤਿੰਦਰ ਜੈਨ ਤੇ ਉਸਨੂੰ ਇਲੈਕਟ੍ਰਾਨਿਕ ਯੰਤਰ ਦੇਣ ਤੇ ਉਸਦੀਆਂ ਸਹਿ-ਮੁਲਜ਼ਮਾਂ ਤੇ ਗਵਾਹਾਂ ਨਾਲ ਮੁਲਾਕਾਤਾਂ ਕਰਵਾਉਣ ਵਾਲੇ ਜੇਲ੍ਹ ਅਧਿਕਾਰੀਆਂ ਦੇ ਖਿਲਾਫ ਤੁਰੰਤ ਕੇਸ ਦਰਜ ਹੋਣਾ ਚਾਹੀਦਾ ਹੈ ਤੇ ਜੈਨ ਨੂੰ ਮੰਤਰੀ ਵਜੋਂ ਤੁਰੰਤ ਬਰਖ਼ਾਸਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਦੇਸ਼ ਦਾ ਅਜਿਹਾ ਪਹਿਲਾ ਜੇਲ੍ਹ ਮੰਤਰੀ ਹੈ ਜੋ ਇਕ ਮੁਜਰਿਮ ਹੋ ਕੇ ਜੇਲ੍ਹ ਵਿਚ ਬੰਦ ਹਨ ਤੇ ਫਿਰ ਵੀ ਜੇਲ੍ਹ ਮੰਤਰੀ ਵਜੋਂ ਮੀਟਿੰਗਾਂ ਕਰ ਰਿਹਾ ਹੈ।


ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਵਰ੍ਹਦਿਆਂ ਭਾਜਪਾ ਆਗੂ ਨੇ ਕਿਹਾ ਕਿ ਉਹ ਜੈਨ ਨੂੰ ਮੰਤਰੀ ਵਜੋਂ ਇਸ ਕਰ ਕੇ ਬਰਖ਼ਾਸਤ ਨਹੀਂ ਕਰ ਰਹੇ ਕਿਉਂਕਿ ਜੈਨ ਦੇ ਪਰਿਵਾਰ ਨੇ ਕੇਜਰੀਵਾਲ ਨੂੰ ਸਪਸ਼ਟ ਕਿਹਾ ਹੈ ਕਿ ਜੇਕਰ ਜੈਨ ਨੂੰ ਬਰਖ਼ਾਸਤ ਕੀਤਾ ਤਾਂ ਉਹ ਉਹਨਾਂ ਵੱਲੋਂ ਕੀਤੇ ਗੈਰ ਕਾਨੂੰਨੀ ਲੈਣ ਦੇਣ ਦੀ ਸਾਰੀ ਜਾਣਕਾਰੀ ਜਨਤਕ ਕਰ ਦੇਣਗੇ ਤੇ ਜਾਂਚ ਏਜੰਸੀਆਂ ਨੂੰ ਦੇ ਦੇਣਗੇ।


ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਜੈਨ ਨੂੰ ਜੇਲ੍ਹ ਵਿਚ ਵੀ ਵੀ ਆਈ ਪੀ ਸਹੂਲਤਾਂ ਮਿਲ ਰਹੀਆਂ ਹਨ ਹਾਲਾਂਕਿ ਉਹ ਫੌਜਦਾਰੀ ਕੇਸ ਦਾ ਮੁਲਜ਼ਮ ਹੈ। ਉਹਨਾਂ ਨੇ ਉਪ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਮਾਮਲੇ ਵਿਚ ਤੁਰੰਤ ਕਾਰਵਾਈ ਕਰਨ ਤਾਂ ਜੋ ਨਿਆਂ ਮਿਲ ਸਕੇ।