ਮੁੰਡਿਆਂ ਦੇ ਹੋਸਟਲ 'ਚ ਜ਼ਬਰੀ ਰਹਿਣ ਕਾਰਨ 14 ਕੁੜੀਆਂ ਨੂੰ ਕਾਲਜ ਤੋਂ ਕੱਢਿਆ
ਏਬੀਪੀ ਸਾਂਝਾ | 18 Oct 2017 01:33 PM (IST)
ਕੋਲਕਾਤਾ: ਕੋਲਕਾਤਾ ਦੇ ਮਸ਼ਹੂਰ ਸੱਤਿਆਜੀਤ ਰੇ ਫਿਲਮ ਐਂਡ ਟੈਲੀਵੀਜ਼ਨ ਇੰਸਟੀਟਿਊਟ ਨੇ 14 ਕੁੜੀਆਂ ਨੂੰ ਕੱਢ ਦਿੱਤਾ ਹੈ। ਇਨ੍ਹਾਂ ਕੁੜੀਆਂ 'ਤੇ ਮੁੰਡਿਆਂ ਦੇ ਹੋਸਟਲ 'ਚ ਜ਼ਬਰਦਸਤੀ ਰਹਿਣ ਦਾ ਇਲਜ਼ਾਮ ਹੈ। ਇਨ੍ਹਾਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਮੁੰਡਿਆਂ ਦੇ ਹੋਸਟਲ ਖਾਲੀ ਕਰ ਦੇਣ ਤਾਂ ਜੋ ਨਵੇਂ ਸਟੂਡੈਂਟਸ ਨੂੰ ਅਲਾਟ ਕੀਤਾ ਜਾ ਸਕੇ ਪਰ ਇਨ੍ਹਾਂ ਨੇ ਕਮਰੇ ਖਾਲੀ ਨਹੀਂ ਕੀਤੇ। ਕੁੜੀਆਂ ਤੋਂ ਇਲਾਵਾ 10 ਮੁੰਡਿਆਂ 'ਤੇ ਵੀ ਇੰਸਟੀਟਿਊਟ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਨ੍ਹਾਂ ਮੁੰਡਿਆਂ 'ਤੇ ਜ਼ਬਰਦਸਤੀ ਕੁੜੀਆਂ ਦੇ ਹੋਸਟਲ 'ਚ ਰਹਿਣ ਦਾ ਇਲਜ਼ਾਮ ਹੈ। ਕਾਲਜ 'ਚ ਮੁੰਡੇ ਤੇ ਕੁੜੀਆਂ ਨੂੰ ਅਲੱਗ-ਅਲੱਗ ਹੋਸਟਲ 'ਚ ਸ਼ਿਫਟ ਕੀਤੇ ਜਾਣ ਨੂੰ ਲੈ ਕੇ ਪਿਛਲੇ ਤਿੰਨ ਮਹੀਨੇ ਤੋਂ ਪ੍ਰਸ਼ਾਸਨ ਤੇ ਸਟੂਡੈਂਟਸ 'ਚ ਟਕਰਾਅ ਚੱਲ ਰਿਹਾ ਸੀ। ਇਸ ਤੋਂ ਬਾਅਦ ਸੋਮਵਾਰ ਨੂੰ ਹੋਸਟਲ ਨੇ ਕੁੜੀਆਂ ਨੂੰ ਕੱਢਣ ਦਾ ਫੈਸਲਾ ਲਿਆ। ਕਾਲਜ ਡਾਇਰੈਕਟਰ ਦੇਵਪ੍ਰਿਆ ਮਿੱਤਰਾ ਨੇ ਕਿਹਾ, "ਸਾਨੂੰ ਇਹ ਆਖਰੀ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਸਾਡੇ ਕੋਲ ਕੋਈ ਹੋਰ ਰਸਤਾ ਨਹੀਂ ਬਚਿਆ ਸੀ। ਸਟੂਡੈਂਟਸ ਨੂੰ ਲਗਾਤਾਰ ਸਮਝਾਇਆ ਗਿਆ ਪਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ।"