ਬੈਂਕ ਦੇ ਇਸ ਫੈਸਲੇ ਨਾਲ 80 ਲੱਖ ਗਾਹਕਾਂ ਨੂੰ ਮਿਲੇਗਾ ਲਾਭ
ਏਬੀਪੀ ਸਾਂਝਾ | 02 Jan 2018 10:05 AM (IST)
ਮੁੰਬਈ: ਭਾਰਤੀ ਸਟੇਟ ਬੈਂਕ (ਐਸਬੀਆਈ) ਦੇ ਨਵੇਂ ਫੈਸਲੇ ਨਾਲ 80 ਲੱਖ ਗਾਹਕਾਂ ਨੂੰ ਲਾਭ ਪਹੁੰਚੇਗਾ। ਬੈਂਕ ਨੇ ਹੁਣ ਨੇ ਆਧਾਰੀ ਅਤੇ ਮੁੱਖ ਕਰਜ਼ ਦਰਾਂ (ਬੀਪੀਐਲਆਰ) ’ਚ 30-30 ਆਧਾਰੀ ਅੰਕ ਘਟਾਉਣ ਦਾ ਫ਼ੈਸਲਾ ਲਿਆ ਹੈ। ਬੈਂਕ ਨੇ ਆਧਾਰੀ ਦਰ ਮੌਜੂਦਾ ਗਾਹਕਾਂ ਲਈ 8.95 ਫ਼ੀਸਦੀ ਤੋਂ ਘਟਾ ਕੇ 8.65 ਫ਼ੀਸਦੀ ਕਰ ਦਿੱਤੀ ਹੈ। ਇਸੇ ਤਰ੍ਹਾਂ ਬੀਪੀਐਲਆਰ 13.70 ਫ਼ੀਸਦੀ ਤੋਂ ਘਟਾ ਕੇ 13.40 ਫ਼ੀਸਦੀ ਕਰ ਦਿੱਤਾ ਹੈ। ਬੈਂਕ ਨੇ ਫੰਡਾਂ ’ਤੇ ਆਧਾਰਿਤ ਕਰਜ਼ ਦਰ ਐਮਸੀਐਲਆਰ ’ਚ ਕੋਈ ਬਦਲਾਅ ਨਹੀਂ ਕੀਤਾ ਹੈ। ਐਮਸੀਐਲਆਰ ਇਕ ਸਾਲ ਲਈ 7.95 ਫ਼ੀਸਦੀ ’ਤੇ ਬਰਕਰਾਰ ਹੈ। ਬੈਂਕ ਵੱਲੋਂ ਜਾਰੀ ਬਿਆਨ ਮੁਤਾਬਕ ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਪਰਚੂਨ ਅਤੇ ਡਿਜੀਟਲ ਬੈਂਕਿੰਗ ਦੇ ਮੈਨੇਜਿੰਗ ਡਾਇਰੈਕਟਰ ਪੀ ਕੇ ਗੁਪਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੈਂਕ ਨੇ ਦਸੰਬਰ ਦੇ ਆਖਰੀ ਹਫ਼ਤੇ ’ਚ ਦਰਾਂ ਦੀ ਨਜ਼ਰਸਾਨੀ ਕੀਤੀ ਸੀ ਜਿਸ ਮਗਰੋਂ ਦਰਾਂ ਘਟਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਕਟੌਤੀ ਨਾਲ ਉਨ੍ਹਾਂ ਕਰੀਬ 80 ਲੱਖ ਗਾਹਕਾਂ ਨੂੰ ਫਾਇਦਾ ਹੋਵੇਗਾ ਜਿਨ੍ਹਾਂ ਅਜੇ ਤਕ ਐਮਸੀਐਲਆਰ ’ਚ ਆਪਣੇ ਖਾਤੇ ਤਬਦੀਲ ਨਹੀਂ ਕੀਤੇ ਸਨ। ਬੈਂਕਾਂ ਵੱਲੋਂ ਐਮਸੀਐਲਆਰ ’ਚ ਮਾਸਿਕ ਆਧਾਰ ’ਤੇ ਜਦਕਿ ਬੁਨਿਆਦੀ ਦਰਾਂ ’ਚ ਤਿਮਾਹੀ ’ਚ ਇਕ ਵਾਰ ਨਜ਼ਰਸਾਨੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਐਮਸੀਐਲਆਰ ਪਹਿਲਾਂ ਵੀ ਘਟਾਈ ਗਈ ਸੀ ਕਿਉਂਕਿ ਐਮਸੀਐਲਆਰ ਅਤੇ ਬੁਨਿਆਦੀ ਦਰ ’ਚ ਵੱਡਾ ਫਰਕ ਆ ਗਿਆ ਸੀ। ਇਸ ਕਦਮ ਨਾਲ ਦੋਹਾਂ ਦੇ ਫਰਕ ਨੂੰ ਘਟਾਉਣ ’ਚ ਸਹਾਇਤਾ ਮਿਲੇਗੀ। ਬੈਂਕ ਨੇ ਹੋਮ ਲੋਨ ਦੀ ਪ੍ਰੋਸੈਸਿੰਗ ਫੀਸ ’ਚ ਛੋਟ ਵੀ ਇਸ ਸਾਲ ਮਾਰਚ ਦੇ ਅਖੀਰ ਤਕ ਵਧਾ ਦਿੱਤੀ ਹੈ।