ਦੇਸ਼ 'ਚ ਅੱਜ ਤੋਂ ਬਦਲ ਜਾਣਗੇ ਬੈਂਕ, ਟੌਲ ਤੇ ਮੋਬਾਈਲ ਕਾਲਜ਼ ਦੇ ਇਹ 5 ਨਿਯਮ, ਜਾਣੋ ਹੋਵੇਗਾ ਕਿੰਨਾ ਫਾਇਦਾ
ਏਬੀਪੀ ਸਾਂਝਾ | 01 Oct 2017 12:13 PM (IST)
ਪ੍ਰਤੀਕਾਤਮਕ ਤਸਵੀਰ
ਨਵੀਂ ਦਿੱਲੀ: ਅੱਜ ਤੋਂ ਦੇਸ਼ ਦੇ ਪੰਜ ਵੱਡੇ ਨਿਯਮਾਂ 'ਚ ਬਦਲਾਅ ਹੋਣ ਜਾ ਰਿਹਾ ਹੈ। ਐਸ.ਬੀ.ਆਈ. ਦੇ ਖਾਤਾ ਧਾਰਕਾਂ ਨੂੰ ਆਪਣੇ ਖਾਤਿਆਂ ਵਿੱਚ ਘੱਟੋ-ਘੱਟ ਰਕਮ ਬਰਕਰਾਰ ਰੱਖਣ ਦੇ ਮਾਮਲੇ 'ਚ ਥੋੜ੍ਹੀ ਰਾਹਤ ਮਿਲੀ ਹੈ। ਇਸ ਤੋਂ ਇਲਾਵਾ ਅੱਜ ਤੋਂ ਦੇਸ਼ ਦੇ ਸਾਰੇ ਨੈਸ਼ਨਲ ਹਾਈਵੇ 'ਤੇ ਇਲੈਕਟ੍ਰੋਨਿਕ ਟੌਲ ਕੁਲੈਕਸ਼ਨ ਦੀ ਸ਼ੁਰੂਆਤ ਵੀ ਹੋ ਜਾਵੇਗੀ। ਐਸ.ਬੀ.ਆਈ. ਨੇ ਮਿਨੀਮਮ ਬੈਲੈਂਸ ਹੱਦ ਕੀਤੀ ਘੱਟ ਐਸ.ਬੀ.ਆਈ. ਨੇ ਮੈਟਰੋ ਸ਼ਹਿਰਾਂ 'ਚ ਮਿਨੀਅਮ ਬੈਲੈਂਸ ਲਿਮਟ 5000 ਰੁਪਏ ਤੋਂ ਘਟਾ ਕੇ 3000 ਰੁਪਏ ਕਰ ਦਿੱਤੀ ਹੈ। ਇਸ ਨਾਲ ਕਰੀਬ 5 ਕਰੋੜ ਗ੍ਰਾਹਕਾਂ ਨੂੰ ਫਾਇਦਾ ਹੋਵੇਗਾ। ਜ਼ੁਰਮਾਨਾ ਵੀ ਘਟਾ ਦਿੱਤਾ ਗਿਆ ਹੈ। ਪਹਿਲਾਂ ਖਾਤੇ ਘੱਟੋ-ਘੱਟ ਰਕਮ ਨਾ ਰੱਖਣ 'ਤੇ 40 ਰੁਪਏ ਤੋਂ 100 ਰੁਪਏ ਤੱਕ ਜ਼ੁਰਮਾਨਾ ਲਿਆ ਜਾਂਦਾ ਸੀ ਤੇ ਇਸ 'ਤੇ ਸਰਵਿਸ ਟੈਕਸ ਵੀ ਲਗਦਾ ਸੀ। ਪਰ ਹੁਣ ਜ਼ੁਰਮਾਨੇ ਨੂੰ ਘਟਾ ਕੇ 30 ਰੁਪਏ ਤੋਂ 50 ਵਿਚਾਲੇ ਕਰ ਦਿੱਤਾ ਗਿਆ ਹੈ ਪਰ ਸੇਵਾ ਕਰ ਲਾਜ਼ਮੀ ਤੌਰ 'ਤੇ ਲੱਗੇਗਾ। ਬੈਂਕ ਵੱਲੋਂ ਇਸ ਜ਼ੁਰਮਾਨੇ 'ਤੇ ਵੀ ਛੋਟ ਛੋਟੇ ਸ਼ਹਿਰਾਂ ਅਤੇ ਪੇਂਡੂ ਇਲਾਕਿਆਂ 'ਚ ਖਾਤੇ ਵਿੱਚ ਘੱਟੋ ਘੱਟ ਰਕਮ ਬਰਕਰਾਰ ਨਾ ਰੱਖਣ 'ਤੇ 25 ਰੁਪਏ ਤੋਂ 75 ਰੁਪਏ ਦਾ ਜ਼ੁਰਮਾਨਾ ਲਾਇਆ ਜਾਂਦਾ ਸੀ ਹੁਣ ਇਸ ਨੂੰ 20 ਤੋਂ ਲੈ ਕੇ 40 ਤੱਕ ਕਰ ਦਿੱਤਾ ਗਿਆ ਹੈ। ਲਗਾਤਾਰ ਵਿਰੋਧ ਅਤੇ ਸਰਕਾਰ ਦੀ ਅਪੀਲ ਤੋਂ ਬਾਅਦ ਭਾਰਤੀ ਸਟੇਟ ਬੈਂਕ ਨੇ ਇਹ ਫੈਸਲਾ ਲਿਆ ਹੈ। ਇਸ ਦਾ ਫਾਇਦਾ ਐਸ.ਬੀ.ਆਈ. ਦੇ 5 ਕਰੋੜ ਗ੍ਰਾਹਕਾਂ ਨੂੰ ਹੋਵੇਗਾ। ਐਸ.ਬੀ.ਆਈ. ਪੈਨਸ਼ਨ ਖਾਤੇ ਵਾਲਿਆਂ ਨੂੰ ਸਰਕਾਰ ਦੀ ਸਮਾਜਿਕ ਸਕੀਮਾਂ ਦਾ ਫਾਇਦਾ ਲੈਣ ਵਾਲਿਆਂ ਅਤੇ ਨਾਬਾਲਿਗ ਦੇ ਖਾਤਿਆਂ ਨੂੰ ਮਿਨੀਮਮ ਐਵਰੇਜ ਬੈਲੈਂਸ ਵਾਲੀ ਸ਼ਰਤ ਤੋਂ ਬਾਹਰ ਰੱਖਿਆ ਗਿਆ ਹੈ। ਪੁਰਾਣਾ ਖਾਤਾ ਬੰਦ ਕਰਵਾਉਣ 'ਤੇ ਨਹੀਂ ਲੱਗੇਗੀ ਕੋਈ ਫੀਸ ਐਸ.ਬੀ.ਆਈ. 'ਚ ਖਾਤਾ ਬੰਦ ਕਰਵਾਉਣ 'ਤੇ ਕੋਈ ਫੀਸ ਨਹੀਂ ਲਈ ਜਾਵੇਗੀ। ਸ਼ਰਤ ਇਹ ਹੈ ਕਿ ਖਾਤਾ ਇੱਕ ਸਾਲ ਪੁਰਾਣਾ ਹੋਣਾ ਚਾਹੀਦਾ ਹੈ। ਜੇਕਰ ਕੋਈ ਖਾਤਾ ਖੋਲ੍ਹਣ ਦੇ 14 ਦਿਨ ਬਾਅਦ ਅਤੇ ਇੱਕ ਸਾਲ ਤੋਂ ਪਹਿਲਾਂ ਖਾਤਾ ਬੰਦ ਕਰਵਾਉਂਦਾ ਹੈ ਤਾਂ ਉਸ ਨੂੰ 500 ਰੁਪਏ ਅਤੇ ਜੀ.ਐਸ.ਟੀ. ਦੇਣਾ ਪਵੇਗਾ। ਸਟੇਟ ਬੈਂਕ ਦੇ ਸਹਾਇਕ ਬੈਂਕਾਂ ਦੀਆਂ ਚੈੱਕਬੁਕ ਹੋਈਆਂ ਰੱਦੀ ਜਿਨ੍ਹਾਂ ਖਪਤਕਾਰਾਂ ਕੋਲ ਐਸ.ਬੀ.ਆਈ. 'ਚ ਸਮਾ ਚੁੱਕੇ ਬੈਂਕਾਂ, ਜਿਵੇਂ ਕਿ ਸਟੇਟ ਬੈਂਕ ਆਫ਼ ਪਟਿਆਲਾ ਤੇ ਕਈ ਹੋਰਾਂ ਦੀ ਚੈੱਕਬੁਕ ਹੈ, ਉਹ ਹੁਣ ਰੱਦੀ ਹਨ। 30 ਸਤੰਬਰ ਤੋਂ ਬਾਅਦ ਬੈਂਕ ਇਹ ਚੈੱਕ ਨਹੀਂ ਸਵੀਕਾਰ ਕਰਨਗੇ। ਖ਼ਪਤਕਾਰ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰ ਕੇ ਨਵੀਂ ਚੈੱਕਬੁਕ ਹਾਸਲ ਕਰ ਸਕਦੇ ਹਨ। ਨੈਸ਼ਨਲ ਹਾਈਵੇਅ 'ਤੇ ਟੌਲ ਦੇਣਾ ਹੋਇਆ ਸੌਖਾ ਅੱਜ ਤੋਂ ਨੈਸ਼ਨਲ ਹਾਈਵੇ ਦੇ ਸਾਰੇ ਟੌਲਜ਼ ਦੇ ਹਰ ਕਾਊਂਟਰ 'ਤੇ ਬਿਜਲਈ ਟੌਲ ਇਕੱਤਰ ਲਈ ਪ੍ਰਣਾਲੀ ਸ਼ੁਰੂਆਤ ਹੋ ਰਹੀ ਹੈ। ਜੇਕਰ ਤੁਸੀਂ ਆਪਣੀ ਗੱਡੀ 'ਤੇ ਆਰ.ਐਫ.ਆਈ.ਡੀ. ਟੈਗ ਲਾਇਆ ਹੈ ਤਾਂ ਤੁਹਾਨੂੰ ਟੌਲ 'ਤੇ ਰੁਕਣ ਦੀ ਲੋੜ ਨਹੀਂ ਹੈ। ਇਹ ਨਾ ਸਮਝਣਾ ਕਿ ਤੁਹਾਨੂੰ ਟੌਲ ਦੇਣ ਦੀ ਲੋੜ ਨਹੀਂ ਹੋਵੇਗੀ, ਬਲਕਿ ਇਹ ਤੁਹਾਡੀ ਆਵਾਜਾਈ ਦੇ ਹਿਸਾਬ ਨਾਲ ਆਪਣੇ ਆਪ ਟੌਲ ਕਰ ਨੂੰ ਕੱਟ ਲਵੇਗਾ। ਮੋਬਾਈਲ ਕਾਲਾਂ ਸਸਤੀਆਂ ਹੋਣ ਦੀ ਉਮੀਦ ਕਾਲ ਰੇਟ ਸਸਤੀਆਂ ਹੋਣ ਦੀ ਵੀ ਉਮੀਦ ਹੈ। ਟ੍ਰਾਈ ਨੇ ਪਿਛਲੇ ਦਿਨਾਂ 'ਚ ਇੰਟਰਕੁਨੈਕਸ਼ਨ ਚਾਰਜ ਘਟਾਇਆ ਸੀ ਜੋ ਅੱਜ ਤੋਂ ਲਾਗੂ ਹੋ ਰਿਹਾ ਹੈ। ਇੰਟਰਕੁਨੈਕਸ਼ਨ ਚਾਰਜ 14 ਪੈਸੇ ਪ੍ਰਤੀ ਮਿੰਟ ਤੋਂ ਘਟਾ ਕੇ 6 ਪੈਸੇ ਪ੍ਰਤੀ ਮਿੰਟ ਹੋ ਜਾਵੇਗਾ। ਇੰਟਰਕੁਨੈਕਸ਼ਨ ਕਾਲ ਦਰ ਉਹ ਫੀਸ ਹੁੰਦੀ ਹੈ ਜਿਸ ਨੂੰ ਟੈਲੀਕਾਮ ਕੰਪਨੀਆਂ ਉਨ੍ਹਾਂ ਦੂਜੀਆਂ ਕੰਪਨੀਆਂ ਨੂੰ ਦਿੰਦੀ ਹੈ ਜਿਸ ਦੇ ਨੈੱਟਵਰਕ 'ਤੇ ਕਾਲ ਕੀਤੀ ਗਈ ਜਾਂ ਖ਼ਤਮ ਹੁੰਦੀ ਹੈ। ਆਈ.ਯੂ.ਸੀ. ਚਾਰਜ ਘੱਟ ਹੋਣ 'ਤੇ ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਟੈਲੀਕਾਮ ਕੰਪਨੀਆਂ ਕਾਲ ਰੇਟ ਵੀ ਘੱਟ ਕਰਨਗੀਆਂ। ਹਾਲਾਂਕਿ, ਹਾਲੇ ਤੱਕ ਕਿਸੇ ਕੰਪਨੀ ਨੇ ਰੇਟ ਘੱਟ ਕਰਨ ਦਾ ਐਲਾਨ ਨਹੀਂ ਕੀਤਾ ਹੈ।