SC ਵਿਦਿਆਰਥੀਆਂ ਦੀ ਵੱਖਰੀ ਹਾਜ਼ਰੀ ਕਾਲਜ ਨੂੰ ਪਈ ਮਹਿੰਗੀ
ਏਬੀਪੀ ਸਾਂਝਾ | 06 Sep 2016 12:21 PM (IST)
ਲੁਧਿਆਣਾ: ਅਨੂਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਬਾਇਓਮੈਟਰਿਕ ਮਸ਼ੀਨ ਰਾਹੀਂ ਹਾਜ਼ਰੀ ਲਵਾਉਣਾ ਕਾਲਜ ਨੂੰ ਮਹਿੰਗਾ ਪਿਆ। ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦੀ ਤਹਿਸੀਲ ਜਗਰਾਓਂ ਵਿੱਚ ਡੀ.ਏ.ਵੀ. ਕਾਲਜ ਵਿੱਚ ਐਸ.ਸੀ. ਵਿਦਿਆਰਥੀਆਂ ਦੀ ਹਾਜ਼ਰੀ ਬਾਇਓਮੈਟਰਿਕ ਮਸ਼ੀਨ ਰਾਹੀਂ ਲਵਾਈ ਜਾ ਰਹੀ ਸੀ। ਜਦੋਂਕਿ ਹੋਰ ਵਰਗਾਂ ਦੀ ਹਾਜ਼ਰੀ ਰਜਿਸਟਰ ਰਾਹੀਂ ਲਗਾਈ ਜਾ ਰਹੀ ਸੀ। ਇਸ ਦਾ ਵਿਦਿਆਰਥੀ ਵਿਰੋਧ ਕਰ ਰਹੇ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕਾਲਜ ਪ੍ਰਸ਼ਾਸਨ ਵਿਦਿਆਰਥੀਆਂ ਨਾਲ ਵਿਤਕਰਾ ਕਰ ਰਿਹਾ ਹੈ। ਦੂਜੇ ਪਾਸੇ ਪ੍ਰਸ਼ਾਸਨ ਇਸ ਨੂੰ ਆਪਣੀ ਮਜਬੂਰੀ ਦੱਸ ਰਿਹਾ ਹੈ। ਉਨ੍ਹਾਂ ਮੁਤਾਬਕ ਡੀ.ਪੀ.ਆਈ. (ਡਾਇਰੈਕਟਰ ਪਬਲਿਕ ਇੰਸਟ੍ਰਕਸ਼ਨ ਕਾਲਜ) ਕਾਲਜ ਦੀ ਹਦਾਇਤਾਂ ਮੁਤਾਬਕ ਇਹ ਕਦਮ ਚੁੱਕਿਆ ਗਿਆ ਹੈ ਤਾਂ ਕਿ ਐਸ.ਸੀ. ਵਿਦਿਆਰਥੀਆਂ ਨੂੰ ਮਿਲਣ ਵਾਲੇ ਵਜ਼ੀਫੇ ਨੂੰ ਯਕੀਨੀ ਬਣਾਇਆ ਜਾ ਸਕੇ ਤੇ ਕਿਸੇ ਤਰ੍ਹਾਂ ਦੇ ਘਪਲੇਬਾਜ਼ੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਐਸ.ਸੀ. ਵਿਦਿਆਰਥਿਆਂ ਨੂੰ ਮਿਲਣ ਵਾਲੇ ਵਜ਼ੀਫੇ ਲਈ ਵਿਦਿਆਰਥੀਆਂ ਦੀ 75 ਫੀਸਦੀ ਹਾਜ਼ਰੀ ਜ਼ਰੂਰੀ ਹੈ। ਬਾਇਓਮੈਟਰਿਕ ਮਸ਼ੀਨ ਨਾਲ ਸਭ ਸਾਫ ਹੋ ਜਾਂਦਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਬਾਹਰ ਦੇ ਹਨ। ਇਨ੍ਹਾਂ ਵਿਦਿਆਰਥੀਆਂ ਦਾ ਕਾਲਜ ਨਾਲ ਕੋਈ ਸਬੰਧ ਨਹੀਂ ਪਰ ਫਿਲਹਾਲ ਮਾਮਲੇ ਨੂੰ ਗਰਮਾਉਂਦਾ ਵੇਖ ਮਸ਼ੀਨ ਉਤਾਰ ਦਿੱਤੀ ਗਈ ਹੈ।