ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਭਾਰਤ ’ਚ ਤੇਜ਼ੀ ਨਾਲ ਫੈਲ ਰਹੀ ਹੈ। ਨਵੇਂ ਮਾਮਲਿਆਂ ਦਾ ਰਿਕਾਰਡ ਰੋਜ਼ ਟੁੱਟ ਰਿਹਾ ਹੈ। ਅਪ੍ਰੈਲ ਮਹੀਨੇ ਪਿਛਲੇ ਸਾਲ ਸਤੰਬਰ-ਅਕਤੂਬਰ ਜਿਹਾ ਹਾਲ ਹੋ ਗਿਆ ਹੈ। ਦੇਸ਼ ਵਿੱਚ ਛੇ ਮਹੀਨਿਆਂ (182 ਦਿਨਾਂ) ਬਾਅਦ 81 ਹਜ਼ਾਰ 466 ਨਵੇਂ ਕੋਰੋਨਾ ਕੇਸ ਆਏ ਹਨ ਤੇ 469 ਵਿਅਕਤੀਆਂ ਦੀ ਜਾਨ ਚਲੀ ਗਈ ਹੈ। ਉਂਝ 50,356 ਵਿਅਕਤੀ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ 1 ਅਕਤੂਬਰ, 2020 ਨੂੰ 81,484 ਕੇਸ ਆਏ ਸਨ।
ਹਾਲੇ 1 ਫ਼ਰਵਰੀ ਨੂੰ ਸਿਰਫ਼ 8,635 ਨਵੇਂ ਕੇਸ ਆਏ ਸਨ ਤੇ ਇਹ ਗਿਣਤੀ ਇਸ ਸਾਲ ਦੀ ਸਭ ਤੋਂ ਘੱਟ ਸੀ। ਕੋਰੋਨਾ ਵਾਇਰਸ ਦੀ ਲਾਗ ਪਰਖਣ ਲਈ ਕੁੱਲ 24 ਕਰੋੜ 59 ਲੱਖ ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ; ਜਿਨ੍ਹਾਂ ਵਿੱਚੋਂ 11 ਲੱਖ ਸੈਂਪਲ ਕੱਲ੍ਹ ਟੈਸਟ ਕੀਤੇ ਗਏ ਸਨ।
ਭਾਰਤ ’ਚ ਤਾਜ਼ਾ ਕੋਰੋਨਾ ਸਥਿਤੀ
· ਕੁੱਲ ਕੋਰੋਨਾ ਕੇਸ: ਇੱਕ ਕਰੋੜ 23 ਲੱਖ 3 ਹਜ਼ਾਰ 131
· ਕੁੱਲ ਡਿਸਚਾਰਜ: ਇੱਕ ਕਰੋੜ 15 ਲੱਖ 25 ਹਜ਼ਾਰ
· ਕੁੱਲ ਐਕਟਿਵ ਕੇਸ: ਛੇ ਲੱਖ 14 ਹਜ਼ਾਰ 696
· ਕੁੱਲ ਮੌਤਾਂ: ਇੱਕ ਲੱਖ 63 ਹਜ਼ਾਰ 396
· ਕੁੱਲ ਟੀਕਾਕਰਨ: 6 ਕਰੋੜ 87 ਲੱਖ 89 ਹਜ਼ਾਰ 138 ਡੋਜ਼
ਦੇਸ਼ ’ਚ ਕੋਰੋਨਾ ਦੀ ਲਾਗ ਦੇ ਸਭ ਤੋਂ ਵੱਧ ਨਵੇਂ ਮਾਮਲੇ ਮਹਾਰਾਸ਼ਟਰ ’ਚ ਆ ਰਹੇ ਹਨ ਤੇ ਸਭ ਤੋਂ ਵੱਧ ਮੌਤਾਂ ਵੀ ਇੱਥੇ ਹੀ ਹੋ ਰਹੀਆਂ ਹਨ। ਇਸ ਸੂਬੇ ’ਚ ਕੱਲ੍ਹ ਇਸ ਵਾਇਰਸ ਦੀ ਲਾਗ ਦੇ 43,183 ਨਵੇਂ ਮਾਮਲੇ ਸਾਹਮਣੇ ਆਏ। 249 ਮਰੀਜ਼ਾਂ ਦੀ ਮੌਤ ਹੋਣ ਨਾਲ ਇਸ ਮਹਾਮਾਰੀ ਕਾਰਣ ਮਰਨ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 54,898 ’ਤੇ ਪੁੱਜ ਗਈ ਹੈ। ਇਕੱਲੇ ਮੁੰਬਈ ਮਹਾਨਗਰ ’ਚ ਹੀ 8,646 ਨਵੇਂ ਮਾਮਲੇ ਸਾਹਮਣੇ ਆਏ। ਮਹਾਰਾਸ਼ਟਰ ’ਚ ਕੱਲ੍ਹ 32,641 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਦੇਸ਼ ’ਚ ਕੋਰੋਨਾ ਵੈਕਸੀਨ ਦਾ ਟੀਕਾ ਲਾਏ ਜਾਣ ਦੀ ਮੁਹਿੰਮ 16 ਜਨਵਰੀ ਤੋਂ ਸ਼ੁਰੂ ਹੋਈ ਸੀ। 1 ਅਪ੍ਰੈਲ ਤੱਕ ਦੇਸ਼ ਵਿੱਚ 6 ਕਰੋੜ 87 ਲੱਖ 89 ਹਜ਼ਾਰ 138 ਕੋਰੋਨਾ ਡੋਜ਼ ਦਿੱਤੇ ਜਾ ਚੁੱਕੇ ਹਨ। ਬੀਤੇ ਦਿਨੀਂ 36 ਲੱਖ 71 ਹਜ਼ਾਰ 242 ਟੀਕੇ ਲੱਗੇ ਸਨ।
ਇਹ ਵੀ ਪੜ੍ਹੋ: ਹੁਣ ਡੈਬਿਟ ਕਾਰਡ ਤੋਂ ਬਿਨਾ ਵੀ ATM ਚੋਂ ਇੰਝ ਕੱਢ ਸਕੋਗੇ ਪੈਸੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904