ਮੁੰਬਈ: ਮਹਾਰਾਸ਼ਟਰ ਦਾ ਰਾਜਨੀਤਕ ਡਰਾਮਾ ਮਹੀਨੇ ਬਾਅਦ ਵੀ ਨਹੀਂ ਰੁਕਿਆ। ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਬੁੱਧਵਾਰ ਨੂੰ ਹੋਣ ਵਾਲੇ ਫਲੋਰ ਟੈਸਟ ਤੋਂ ਤਕਰੀਬਨ 27 ਘੰਟੇ ਪਹਿਲਾਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਆਪਣਾ ਅਸਤੀਫਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਸੌਂਪਿਆ। ਇਸ ਤੋਂ ਕੁਝ ਘੰਟੇ ਮਗਰੋਂ ਫੜਨਵੀਸ ਨੇ ਵੀ ਅਸਤੀਫਾ ਦੇ ਦਿੱਤਾ।


ਪਿਛਲੇ ਸ਼ਨੀਵਾਰ ਨੂੰ ਫੜਨਵੀਸ ਨੂੰ ਮੁੱਖ ਮੰਤਰੀ ਤੇ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਗਈ ਸੀ। ਬੀਜੇਪੀ ਨੇ ਬਹੁਮਤ ਹੋਣ ਦਾ ਦਾਅਵਾ ਕੀਤਾ ਸੀ ਪਰ ਅਜੀਤ ਪਵਾਰ ਦੇ ਅਸਤੀਫੇ ਮਗਰੋਂ ਬੀਜੇਪੀ ਦੇ ਹੌਸਲੇ ਪਸਤ ਹੋ ਗਏ। ਉਧਰ, ਐਨਸੀਪੀ ਨੇ ਜੈਅੰਤ ਪਾਟਿਲ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਹੈ।


ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ ਸੁਪਰੀਮ ਕੋਰਟ ਨੇ ਮਹਾਰਾਸ਼ਟਰ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਉਂਦਿਆਂ ਬੁੱਧਵਾਰ ਸ਼ਾਮ 5 ਵਜੇ ਤੱਕ ਵਿਧਾਇਕਾਂ ਦੀ ਸਹੁੰ ਚੁੱਕਣ ਤੇ ਉਸ ਤੋਂ ਬਾਅਦ ਫਲੋਰ ਟੈਸਟ ਦੇਣ ਦੇ ਆਦੇਸ਼ ਦਿੱਤੇ ਸਨ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਐਨਸੀਪੀ, ਕਾਂਗਰਸ ਤੇ ਸ਼ਿਵ ਸੈਨਾ ਦੀ ਬੈਠਕ ਹੋਈ, ਜਿਸ ਵਿਚ ਸ਼ਾਮ 5 ਵਜੇ ਗੱਠਜੋੜ ਦੇ ਨੇਤਾ ਦੀ ਚੋਣ ਕਰਨ ਦਾ ਫੈਸਲਾ ਕੀਤਾ ਗਿਆ। ਕਾਂਗਰਸ ਨੇ ਬਾਲਾ ਸਾਹਬ ਥੋਰਾਟ ਨੂੰ ਪ੍ਰੋਟੇਮ ਸਪੀਕਰ ਨਿਯੁਕਤ ਕਰਨ ਦੀ ਮੰਗ ਕੀਤੀ।