ਚੰਡੀਗੜ੍ਹ: ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ (New Farm Laws) ਦਾ ਕਿਸਾਨ ਜ਼ੋਰਦਾਰ ਵਿਰੋਧ ਕਰ ਰਹੇ ਹਨ ਤੇ ਪਿਛਲੇ ਕਈ ਦਿਨਾਂ ਤੋਂ ਰੋਸ ਮੁਜ਼ਾਹਰੇ ਕਰ ਰਹੇ ਹਨ ਤੇ ਦਿੱਲੀ ਬਾਰਡਰ ਉੱਤੇ ਧਰਨੇ ਦੇ ਰਹੇ ਹਨ। ਇਸ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਬੀਰੇਂਦਰ ਸਿੰਘ (Union Minister Chaudhry Birender Singh) ਨੇ ਕਿਸਾਨਾਂ ਦਾ ਸਮਰਥਨ (Support farmers) ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ੁਰੂਆਤ ’ਚ ਉਨ੍ਹਾਂ ਨੂੰ ਲੱਗਾ ਕਿ ਕਿਸਾਨ ਤੇ ਸਰਕਾਰ ਵਿਚਾਲੇ ਗੱਲਬਾਤ ਨਾਲ ਇਹ ਮਸਲਾ ਸੁਲਝ ਜਾਵੇਗਾ ਪਰ ਛੇ ਗੇੜ ਦੀ ਗੱਲਬਾਤ ਤੋਂ ਬਾਅਦ ਵੀ ਕੋਈ ਹੱਲ ਨਹੀਂ ਨਿੱਕਲ ਸਕਿਆ; ‘ਜਿਸ ਕਾਰਨ ਮੈਂ ਕਿਸਾਨਾਂ ’ਚ ਗਿਆ ਤੇ ਉਨ੍ਹਾਂ ਦੀ ਹਮਾਇਤ ਕੀਤੀ।’

ਚੌਧਰੀ ਬੀਰੇਂਦਰ ਸਿੰਘ ਨੇ ਕਿਹਾ ਕਿ ਇਹ ਅੰਦੋਲਨ ਦੇਸ਼ ਦੇ ਕਿਸਾਨਾਂ ਦਾ ਹੈ ਤੇ ਨਵੇਂ ਕਾਨੂੰਨਾਂ ਨਾਲ ਸਿਰਫ਼ 6 ਫ਼ੀਸਦੀ ਕਿਸਾਨਾਂ ਨੂੰ ਲਾਭ ਹੋਵੇਗਾ। ਕਿਸਾਨ ਅੰਦੋਲਨ ਉੱਤੇ ਜਿਸ ਤਰ੍ਹਾਂ ਦੋਸ਼ ਲੱਗਿਆ ਕਿ ਇਸ ਵਿੱਚ ਖ਼ਾਲਿਸਤਾਨੀ ਸ਼ਾਮਲ ਹਨ, ਉਹ ਗ਼ਲਤ ਹੈ। ‘ਜਿਹੜੇ ਲੋਕ ਇੰਝ ਆਖ ਰਹੇ ਹਨ, ਉਨ੍ਹਾਂ ਨੂੰ ਇਹ ਦੋਸ਼ ਸਿੱਧ ਕਰਨੇ ਚਾਹੀਦੇ ਹਨ, ਨਹੀਂ ਤਾਂ ਉਨ੍ਹਾਂ ਲੋਕਾਂ ਨੂੰ ਕਿਸਾਨਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਤੇ ਆਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਹਨ।’

ਪਾਕਿਸਤਾਨ ਦਾ ਸਰਕਾਰੀ ਬੋਰਡ ਕਰਵਾ ਰਿਹੈ ਸਿੱਖਾਂ ਦੀਆਂ ਜਾਇਦਾਦਾਂ 'ਤੇ ਨਾਜਾਇਜ਼ ਕਬਜ਼ੇ

ਕਿਸਾਨਾਂ ਦੇ ਅੰਦੋਲਨ ਨੂੰ ਵਿਦੇਸ਼ ਤੋਂ ਮਦਦ ਮਿਲਣ ਦੇ ਦੋਸ਼ਾਂ ਬਾਰੇ ਬੀਰੇਂਦਰ ਸਿੰਘ ਨੇ ਕਿਹਾ ਕਿ ਅਜਿਹੇ ਦੋਸ਼ ਦਰਅਸਲ ਅਸਲ ਮੁੱਦਿਆਂ ਤੋਂ ਧਿਆਨ ਲਾਂਭੇ ਕਰਨ ਲਈ ਲਾਏ ਜਾਂਦੇ ਹਨ। ਚੌਧਰੀ ਬੀਰੇਂਦਰ ਸਿੰਘ ਨੇ ਅੱਗੇ ਕਿਹਾ ਕਿ ਲੋਕਾਂ ਵਿੱਚ ਭਰੋਸੇ ਦੀ ਬਹੁਤ ਕਮੀ ਹੈ, ਇਸ ਲਈ ਮੋਦੀ ਸਰਕਾਰ ਨੂੰ ਹੁਣ ਛੇਤੀ ਕੋਈ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮਾਨਸਿਕ ਹਾਲਤ ਸਮਝਣ ਦੀ ਲੋੜ ਹੈ। ਸਰਕਾਰ ਲੰਮੇ ਸਮੇਂ ਤੱਕ ਸਖ਼ਤ ਰੁਖ਼ ਅਖ਼ਤਿਆਰ ਨਹੀਂ ਕਰ ਸਕਦੀ। ਕਾਨੂੰਨ ਕਿਸੇ ਉੱਤੇ ਥੋਪਿਆ ਨਹੀਂ ਜਾ ਸਕਦਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904