ਨਵੀਂ ਦਿੱਲੀ: ਰੱਬ ਦੇ ਘਰ ਵਿੱਚ ਦੇਰ ਹੈ, ਹਨ੍ਹੇਰ ਨਹੀਂ। ਇਸ ਦੀ ਤਾਜ਼ਾ ਮਿਸਾਲ ਸਾਹਮਣੇ ਆ ਰਹੀ ਹੈ। ਦਰਅਸਲ 1947 ਵਿੱਚ ਦੇਸ਼ ਦੀ ਵੰਡ ਸਮੇਂ ਬਿਅੰਤ ਸਿੰਘ ਆਪਣੀਆਂ ਭੈਣਾਂ ਤੇ ਮਾਤਾ-ਪਿਤਾ ਤੋਂ ਵਿਛੜ ਗਏ ਸਨ। ਇੱਕ ਭੈਣ ਲਾਪਤਾ ਹੋ ਗਈ ਸੀ। ਪਰ 70 ਸਾਲਾਂ ਬਾਅਦ ਕਿਸਮਤ ਉਨ੍ਹਾਂ ’ਤੇ ਮਿਹਰਬਾਨ ਹੋਈ ਹੈ। 70 ਸਾਲਾਂ ਬਾਅਦ ਦੋ ਮੁਸਲਮਾਨ ਭੈਣਾਂ ਦੀ ਆਪਣੇ ਸਿੱਖ ਭਰਾ ਬਿਅੰਤ ਸਿੰਘ ਨਾਲ ਮੁਲਾਕਾਤ ਹੋਈ ਹੈ। ਉਨ੍ਹਾਂ ਤਿੰਨਾਂ ਦੀ ਮੁਲਾਕਾਤ ਨੇ ਮਾਹੌਲ ਨੂੰ ਭਾਵਪੂਰਨ ਕਰ ਦਿੱਤਾ ਹੈ। ਜਿਸ ਸਮੇਂ ਦੇਸ਼ ਦੀ ਵੰਡ ਹੋਈ ਸੀ, ਉਸ ਵੇਲੇ ਬਿਅੰਤ ਸਿੰਘ ਭਾਰਤ ਵਾਲੇ ਪਾਸੇ ਛੁੱਟ ਗਏ ਸੀ।

ਦਰਅਸਲ ਬਿਅੰਤ ਸਿੰਘ ਦੀ ਮਾਂ ਅੱਲਾਹ ਨੇ ਜਦੋਂ ਪਾਕਿਸਤਾਨ ਦਾ ਰੁਖ਼ ਕੀਤਾ ਤਾਂ ਉਸ ਵੇਲੇ ਉਨ੍ਹਾਂ ਦੀ ਇੱਕ ਕੁੜੀ ਤੇ ਇੱਕ ਮੁੰਡਾ ਵਿਛੜ ਗਏ ਸਨ। ਬਾਅਦ ਵਿੱਚ ਗੁਆਂਢੀਆਂ ਨਾਲ ਸੰਪਰਕ ਕੀਤਾ ਤਾਂ ਬਿਅੰਤ ਸਿੰਘ ਦਾ ਪਤਾ ਲੱਗਾ। ਦੋਵਾਂ ਪਰਿਵਾਰਾਂ ਵਿੱਚ ਚਿੱਠੀਆਂ ਤੇ ਫੋਨ ਰਾਹੀਂ ਲੰਮੇ ਸਮੇਂ ਤੋਂ ਗੱਲਬਾਤ ਹੁੰਦੀ ਆ ਰਹੀ ਹੈ, ਪਰ ਮੁਲਾਕਾਤ ਪਹਿਲੀ ਵਾਰ ਹੀ ਹੋਈ ਹੈ। ਇਸ ਵਿਰ ਜਦੋਂ ਭਾਰਤੀ ਸਿੱਖਾਂ ਦਾ ਜਥਾ ਪਾਕਿਸਤਾਨ ਪਹੁੰਚਿਆ ਤਾਂ ਦੋਵੇਂ ਭੈਣਾਂ ਦੀ ਆਪਣੇ ਭਰਾ ਨਾਲ ਪਹਿਲੀ ਵਾਰ ਮੁਲਾਕਾਤ ਹੋਈ।

ਉਨ੍ਹਾਂ ਦੀ ਮਿਲਣੀ ਦਾ ਖ਼ਾਸ ਮੌਕਾ ਸਭ ਦੀਆਂ ਅੱਖਾਂ ਨਮ ਕਰ ਦੇਣ ਵਾਲਾ ਸੀ। ਦੋਵੇਂ ਭੈਣਾਂ ਉਲਫਤ ਬੀਬੀ ਤੇ ਮਿਰਜਾ ਬੀਬੀ ਨੇ ਮਿਲਦਿਆਂ ਸਾਰ ਹੀ ਆਪਣੇ ਭਰਾ ਨੂੰ ਗਲਵੱਕੜੀ ਪਾ ਲਈ। ਬਿਅੰਤ ਸਿੰਘ ਡੇਰਾ ਬਾਬਾ ਨਾਨਾਕ ਨਜ਼ਦੀਕ ਇੱਕ ਪਿੰਡ ਦੇ ਰਹਿਣ ਵਾਲੇ ਹਨ। ਦੋਵਾਂ ਭੈਣਾਂ ਨੇ ਭਾਰਤ ਸਰਕਾਰ ਕੋਲੋਂ ਇੱਥੇ ਆਉਣ ਦੀ ਮੰਗ ਕੀਤੀ ਹੈ ਤਾਂ ਕਿ ਉਹ ਆਪਣੇ ਭਤੀਜੇ-ਭੀਤੀਜੀਆਂ ਨੂੰ ਵੀ ਮਿਲ ਸਕਣ। ਇਸ ਦੇ ਨਾਲ ਹੀ ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਬਿਅੰਤ ਸਿੰਘ ਦੇ ਵੀਜ਼ੇ ਦੀ ਮਿਆਦ ਵਧਾਉਣ ਦੀ ਵੀ ਅਪੀਲ ਕਰਨ ਦੀ ਗੱਲ ਕਹੀ ਹੈ। ਉਹ ਕੁਝ ਦਿਨ ਹੋਰ ਆਪਣੇ ਭਰਾ ਨਾਲ ਰਹਿਣਾ ਚਾਹੁੰਦੀਆਂ ਹਨ।