ਚੰਡੀਗੜ੍ਹ: ਪਾਕਿਸਤਾਨ ਵਿੱਚ ਕਾਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਪਹੁੰਚ ਚੁੱਕੇ ਹਨ। ਉਨ੍ਹਾਂ ਵਾਹਗਾ ਬਾਰਡਰ ਥਾਣੀਂ ਪਾਕਿਸਤਾਨ ਐਂਟਰੀ ਕੀਤੀ। ਪਾਕਿਸਤਾਨ ਵਿੱਚ ਕੱਲ੍ਹ 28 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾਏਗਾ। ਭਾਰਤ ਵਾਲੇ ਪਾਸਿਓਂ ਲੰਘੇ ਕੱਲ੍ਹ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੋਂ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਿਆ ਹੈ।


ਇਹ ਵੀ ਪੜ੍ਹੋ- ਸਿੱਧੂ ਦੇ ਫਿਰ ਪਾਕਿਸਤਾਨ ਜਾਣ ਦੇ ਫੈਸਲੇ 'ਤੇ ਕੀ ਬੋਲੇ ਮੁੱਖ ਮੰਤਰੀ

ਦੌਰੇ ਤੋਂ ਠੀਕ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ‘ਏਬੀਪੀ ਸਾਂਝਾ’ ਨਾਲ ਗੱਲ ਕਰਦਿਆਂ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਰਿਸ਼ਤਿਆਂ ਵਿੱਚ ਮਿਠਾਸ ਆਏਗੀ। ਕੱਲ੍ਹ ਸਿੱਧੂ ਨੇ ਕਿਹਾ ਸੀ ਕਿ 28 ਨਵੰਬਰ ਨੂੰ ਗੁਰੂ ਨਾਨਕ ਵਾਸਤੇ ਉਹ ਕੰਡਿਆਂ ਦੇ ਰਾਹ ਤੁਰ ਕੇ ਵੀ ਪਾਕਿਸਤਾਨ ਜਾ ਸਕਦੇ ਹਨ। ਉਨ੍ਹਾਂ ਕਿਹਾ ਸੀ ਕਿ ਮੈਂ ਤਾਂ ਸਿੱਖ ਹਾਂ ਤੇ ਮੈਨੂੰ ‘ਜੱਫੀ’ ਲਈ ਜਾਣਿਆ ਜਾਂਦਾ ਹੈ। ਅਜਿਹੇ ਵਿੱਚ ਜਨਰਲ ਬਾਜਵਾ ਦੀ ਜੱਫੀ ਵੀ ਕੰਮ ਕਰ ਗਈ। ਉਨ੍ਹਾਂ ਕਿਹਾ ਕਿ ਮੈਂ ਉਸ ਨੂੰ ਜੱਫੀ ਪਾਵਾਂਗਾ ਜੋ ਨਾਨਕ ਵਾਸਤੇ ਹੈ।

ਇਹ ਵੀ ਪੜ੍ਹੋ- ਨਵਜੋਤ ਸਿੱਧੂ ਫਿਰ ਪਾਉਣ ਗਏ ਪਾਕਿਸਤਾਨ ਨੂੰ ਗਲਵੱਕੜੀ !

ਸਿੱਧੂ ਲੰਮੇ ਸਮੇਂ ਤੋਂ ਲਾਂਘਾ ਖੋਲ੍ਹਣ ਦੀ ਮੰਗ ਕਰ ਰਹੇ ਸੀ। ਪਹਿਲਾਂ ਜਦੋਂ ਉਹ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਬਣਨ ਸਮੇਂ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਾਕਿਸਤਾਨ ਗਏ ਸੀ ਤਾਂ ਉਸ ਸਮੇਂ ਭਾਰਤ ਵਿੱਚ ਕਾਫੀ ਵਿਵਾਦ ਛਿੜ ਗਿਆ ਸੀ। ਦਰਅਸਲ ਉਨ੍ਹਾਂ ਨੇ ਪਾਕਿਸਤਾਨੀ ਫੌਜ ਮੁਖੀ ਕਮਰ ਜਾਵੇਦ ਬਾਦਵਾ ਨੂੰ ਜੱਫੀ ਪਾ ਲਈ ਸੀ। ਉਸ ਸਮੇਂ ਸਿੱਧੂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਬਾਜਵਾ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਅਪੀਲ ਕੀਤੀ ਸੀ, ਇਸ ਲਈ ਉਨ੍ਹਾਂ ਨੂੰ ਗਲੇ ਲਾ ਲਿਆ ਸੀ। ਉਸ ਘਟਨਾ ਬਾਅਦ ਹੀ ਕਰਤਾਰਪੁਰ ਲਾਂਘੇ ਦਾ ਮੁੱਦਾ ਸੁਰਖ਼ੀਆਂ ਵਿੱਚ ਆਇਆ ਸੀ।