ਕੈਪਟਨ ਨੇ ਮੋਦੀ ਕੋਲ ਕਣਕ-ਝੋਨੇ ਦੀ ਖ਼ਰੀਦ ਸਣੇ ਰੱਖੀਆਂ ਕਈ ਵੱਡੀਆਂ ਮੰਗਾਂ
ਏਬੀਪੀ ਸਾਂਝਾ | 19 Jun 2018 10:19 AM (IST)
ਚੰਡੀਗੜ੍ਹ: ਬੀਤੇ ਦਿਨ ਨਵੀਂ ਦਿੱਲੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੈਠਕ ਹੋਈ ਜਿਸ ਵਿੱਚ ਕੈਪਟਨ ਨੇ ਪੀਐਮ ਮੋਦੀ ਨੂੰ ਝੋਨੇ ਤੇ ਕਣਕ ਦੀ ਖ਼ਰੀਦਾਰੀ ਲਈ 31 ਹਜ਼ਾਰ ਕਰੋੜ ਰੁਪਏ ਦੇ ਅਨਾਜ ਖ਼ਾਤੇ ਦੇ ਨਿਪਟਾਰੇ ਲਈ ਦਖ਼ਲ ਦੇਣ ਦੀ ਮੰਗ ਕੀਤੀ। ਕੈਪਟਨ ਨੇ ਕਿਹਾ ਕਿ ਪਿਛਲੀ ਸੂਬਾ ਸਰਕਾਰ ਨੇ ਆਪਣੇ ਆਪ ਨੂੰ ਆਰਥਿਕ ਬੋਝ ਹੇਠਾਂ ਰੱਖਿਆ, ਜਿਸ ਨੂੰ ਕੇਂਦਰ ਤੇ ਸੂਬਾ ਸਰਕਾਰ ਵਿਚਾਲੇ ਵਿਵਸਥਿਤ ਹੋਣਾ ਚਾਹੀਦਾ ਸੀ। ਪੀਐਮ ਮੋਦੀ ਦੇ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ 30 ਮਿੰਟ ਦੀ ਮੁਲਾਕਾਤ ਦੌਰਾਨ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਰਕਮ 2003-04 ਤੋਂ ਭਾਰਤੀ ਖੁਰਾਕ ਨਿਗਮ (FCI) ਲਈ ਸੂਬੇ ਦੀਆਂ ਏਜੰਸੀਆਂ ਦੁਆਰਾ ਕੀਤੀ ਗਈ ਖਰੀਦ ਨਾਲ ਸਬੰਧਿਤ ਹੈ। ਇਸ 31 ਹਜ਼ਾਰ ਕਰੋੜ ਰੁਪਏ ਵਿੱਚੋਂ 12 ਹਜ਼ਾਰ ਕਰੋੜ ਰੁਪਏ ਮੂਲਧਨ ਤੇ ਬਾਕੀ ਬਚੀ 19 ਹਜ਼ਾਰ ਕਰੋੜ ਰੁਪਏ ਵਿਆਜ ਦੀ ਰਕਮ ਸੀ। ਮੁੱਖ ਮੰਤਰੀ ਨੇ ਪੀਐਸ ਨੂੰ ਜਾਣੂ ਕਰਾਇਆ ਕਿ ਸੂਬਾ ’ਤੇ ਪਹਿਲਾਂ ਹੀ 324 ਕਰੋੜ ਰੁਪਏ ਦੇ ਸਾਲਾਨਾ ਵਿਆਜ ਦੀ ਦੇਣਦਾਰੀ ਹੈ ਜਿਸ ਕਰਕੇ ਸੂਬੇ ਨੂੰ ਕਾਫ਼ੀ ਜ਼ਿਆਦਾ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ਦਾ ਕੁੱਲ ਭੁਗਤਾਨ 64 ਹਜ਼ਾਰ ਕਰੋੜ ਰੁਪਏ ਤਕ ਪੁੱਜ ਜਾਏਗਾ ਜਿਸ ਦਾ ਭੁਗਤਾਨ ਕਰਨਾ ਮੁਸ਼ਕਲ ਹੈ। ਬੈਠਕ ਦੌਰਾਨ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਅਗਲੇ ਸਾਲ ਨਵੰਬਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਲਈ ਵੀ ਕੇਂਦਰ ਕੋਲੋਂ ਮਦਦ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਉਹ ਪਹਿਲਾਂ ਵੀ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਸੌਂਪ ਚੁੱਕੇ ਹਨ, ਜਿਸ ਵਿੱਚ ਉਨ੍ਹਾਂ ਕੇਂਦਰ ਨੂੰ 2145 ਕਰੋੜ ਰੁਪਏ ਦੀ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਸੀ। ਇਸ ਦੇ ਇਲਾਵਾ ਉਨ੍ਹਾਂ ਸਮਾਗਮ ਲਈ ਕੌਮੀ ਪੱਧਰ ਲਈ ਇੱਕ ਪ੍ਰਬੰਧਕ ਕਮੇਟੀ ਬਣਾਉਣ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਕੁਝ ਕੌਮੀ ਪ੍ਰੋਜੈਕਟ ਸ਼ੁਰੂ ਕਰਨ ਦੀ ਵੀ ਮੰਗ ਕੀਤੀ ਹੈ। ਇਸ ਬੈਠਕ ਦੌਰਾਨ ਮੁੱਖ ਮੰਤਰੀ ਨੇ ਸਰਹੱਦੀ ਇਲਾਕਿਆਂ ਦੇ ਵਿਕਾਸ ਲਈ ਵਿਕਾਸ ਪੈਕੇਜ ਦਾ ਮੰਗ ਦੁਹਰਾਈ। ਇਸ ਦੇ ਨਾਲ ਹੀ ਉਨ੍ਹਾਂ ਅਗਲੇ ਸਾਲ 13 ਅਪ੍ਰੈਲ ਨੂੰ ਜਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਦੇ 100 ਸਾਲ ਮੁਕੰਮਲ ਹੋਣ ਦੇ ਮੱਦੇਨਜ਼ਰ ਅੰਮ੍ਰਿਤਸਰ ਤੇ ਜਲ੍ਹਿਆਂਵਾਲਾ ਬਾਗ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿਕਾਸ ਲਈ 100 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਦੀ ਵੀ ਮੰਗ ਕੀਤੀ।