ਸ੍ਰੀਨਗਰ: ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਜਵਾਹਰ ਸੁਰੰਗ ਨੇੜੇ ਸ਼ੁੱਕਰਵਾਰ ਨੂੰ ਬਰਫ਼ੀਲੇ ਤੂਫਾਨ ਵਿੱਚ ਸੱਤ ਪੁਲਿਸ ਜਵਾਨਾਂ ਦੀ ਮੌਤ ਹੋ ਗਈ। ਪੁਲਿਸ ਚੌਕੀ ਵਿੱਚੋਂ ਸਾਰੇ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਸ ਦੇ ਇਲਾਵਾ ਕਸ਼ਮੀਰ ਦੇ ਅਨੰਤਨਾਗ ਵਿੱਚ ਵੀ ਬਰਫ਼ ਖਿਸਕਣ ਕਰਕੇ ਪਤੀ-ਪਤਨੀ ਦੀ ਜਾਨ ਚਲੀ ਗਈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੁਲਗਾਮ ਜ਼ਿਲ੍ਹੇ ਦੀ ਘਟਨਾ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਤਾਂ ਬਚਾ ਲਿਆ ਗਿਆ ਸੀ ਪਰ ਬਾਕੀਆਂ ਦੇ ਲਾਪਤਾ ਹੋਣ ਕਰਕੇ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਕੁਲਗਾਮ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਕਾਂਜੀਗੁੰਡ ਵੱਲੋਂ ਜਵਾਹਰ ਸੁਰੰਗ ਦੇ ਉੱਤਰੀ ਪਾਸੇ ਵੱਲ ਬਰਫ਼ੀਲਾ ਤੂਫ਼ਾਨ ਆਇਆ ਸੀ। ਸੁਰੰਗ ਨੇੜੇ ਚੌਕੀ ’ਤੇ ਤਾਇਨਾਤ 10 ਪੁਲਿਸ ਜਵਾਨ ਤੂਫਾਨ ਤੋਂ ਪਹਿਲਾਂ ਹੀ ਉੱਥੋਂ ਨਿਕਲ ਗਏ ਸੀ ਪਰ 10 ਉੱਥੇ ਫਸ ਗਏ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਚਾਏ ਗਏ ਪੁਲਿਸ ਜਵਾਨਾਂ ਨੂੰ ਹਲਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੂਜੀ ਘਟਨਾ ਵਿੱਚ ਮਕਾਨ ਢਹਿਣ ਕਰਕੇ ਪਤੀ-ਪਤਨੀ ਤੇ ਉਨ੍ਹਾਂ ਦੇ ਬੱਚੇ ਮਲਬੇ ਹੇਠ ਦੱਬੇ ਗਏ। ਬਚਾਅ ਦਲ ਨੇ ਉਨ੍ਹਾਂ ਦੇ ਦੋ ਬੱਚਿਆਂ ਨੂੰ ਤਾਂ ਬਚਾ ਲਿਆ ਪਰ ਪਤੀ-ਪਤਨੀ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚੋਂ ਪਤੀ ਦੀ ਪਛਾਣ ਅਹਿਮਦ ਕੁਰੈਸ਼ੀ ਵਜੋਂ ਹੋਈ ਹੈ।