ਸ਼੍ਰੋਮਣੀ ਕਮੇਟੀ ਵੱਲੋਂ ਕੇਰਲਾ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਰਵਾਨਾ
ਏਬੀਪੀ ਸਾਂਝਾ | 25 Aug 2018 07:18 PM (IST)
ਅੰਮ੍ਰਿਤਸਰ: ਕੇਰਲ ਵਿੱਚ ਕੁਦਰਤੀ ਆਫਤ ਦੇ ਕਹਿਰ ਨਾਲ ਵੱਡੇ ਪੱਧਰ ’ਤੇ ਜਾਨ ਤੇ ਮਾਲ ਦਾ ਨੁਕਸਾਨ ਹੋਇਆ ਹੈ। ਦੇਸ਼-ਵਿਦੇਸ਼ ਤੋਂ ਸੰਗਠਨ ਤੇ ਜਥੇਬੰਦੀਆਂ ਕੇਰਲ ਦੀ ਮਦਦ ਲਈ ਅੱਗੇ ਆ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅੱਜ ਕੇਰਲਾ ਦੇ ਹੜ੍ਹ ਪੀੜਤਾਂ ਲਈ ਭਾਈ ਗੁਰਦਾਸ ਹਾਲ ਤੋਂ ਰਾਹਤ ਸਮੱਗਰੀ ਰਵਾਨਾ ਕੀਤੀ ਗਈ। ਰਾਹਤ ਸਮੱਗਰੀ ਕੇਰਲਾ ਭੇਜਣ ਸਮੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਕੇਰਲਾ ’ਚ ਹੜ੍ਹਾਂ ਕਾਰਨ ਬੇਘਰ ਹੋਏ ਲੋਕਾਂ ਦਾ ਦਰਦ ਵੱਡਾ ਹੈ, ਜਿਸ ਨੂੰ ਵੰਡਾਉਣ ਲਈ ਸਮੁੱਚਾ ਸਿੱਖ ਜਗਤ ਕੇਰਲਾ ਵਾਸੀਆਂ ਨਾਲ ਖੜ੍ਹਾ ਹੈ। ਭਾਈ ਲੌਂਗੋਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੇਰਲਾ ’ਚ ਵਿਸ਼ੇਸ਼ ਟੀਮ ਰਾਹਤ ਕਾਰਜ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕੇਰਲਾ ਵਿਖੇ ਸ਼੍ਰੋਮਣੀ ਕਮੇਟੀ ਦੇ ਦੋ ਮੁੱਖ ਰਾਹਤ ਕੇਂਦਰ ਚੱਲ ਰਹੇ ਹਨ ਤੇ ਮੈਡੀਕਲ ਸੇਵਾਵਾਂ ਵੀ ਵਿਸ਼ੇਸ਼ ਤੌਰ ’ਤੇ ਦਿੱਤੀਆਂ ਜਾ ਰਹੀਆਂ ਹਨ, ਤਾਂ ਜੋ ਹੜ੍ਹਾਂ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਤੋਂ ਸਥਾਨਕ ਲੋਕਾਂ ਨੂੰ ਬਚਾਇਆ ਜਾ ਸਕੇ। ਇਸੇ ਦੌਰਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਕੇਰਲਾ ਵਿਖੇ ਹਾਲਾਤ ਆਮ ਹੋਣ ਤਕ ਸ਼੍ਰੋਮਣੀ ਕਮੇਟੀ ਦੀ ਰਾਹਤ ਟੀਮ ਰਾਹਤ ਸੇਵਾਵਾਂ ਪ੍ਰਦਾਨ ਕਰੇਗੀ। ਸ਼੍ਰੋਮਣੀ ਕਮੇਟੀ ਵੱਲੋਂ ਕੇਰਲਾ ਭੇਜੀ ਗਈ ਰਾਹਤ ਸਮੱਗਰੀ ਵਿੱਚ ਵਾਧਾ ਕਰਦਿਆਂ ਅੱਜ ਕੁਝ ਹੋਰ ਸਮਾਨ ਭੇਜਿਆ ਗਿਆ ਹੈ ਜਿਸ ਵਿੱਚ ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਬਿਸਤਰੇ, ਦਰੀਆਂ, ਤਰਪਾਲਾਂ ਆਦਿ ਤੋਂ ਇਲਾਵਾ ਰਾਸ਼ਨ ਭੇਜਿਆ ਗਿਆ ਹੈ।