ਪਟਨਾ: ਬਿਹਾਰ ਦੇ ਬਾਹੁਬਲੀ ਨੇਤਾ ਤੇ ਸੀਵਾਨ ਤੋਂ ਸਾਬਕਾ ਆਰ.ਜੇ.ਡੀ. ਸੰਸਦ ਮੈਂਬਰ ਸ਼ਹਾਬੂਦੀਨ ਨੂੰ 11 ਸਾਲ ਬਾਅਦ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਸ ਦੇ ਪੀੜਤਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। 'ਹਿੰਦੋਸਤਾਨ' ਅਖਬਾਰ ਦੇ ਪੱਤਰਕਾਰ ਰਾਜਦੇਵ ਰੰਜਨ ਜਿਸ ਦੀ ਇਸ ਸਾਲ ਮਈ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਉਸ ਦਾ ਪਰਿਵਾਰ ਸ਼ਹਾਬੂਦੀਨ ਦੇ ਜੇਲ੍ਹ ਤੋਂ ਬਾਹਰ ਆਉਣ ਕਾਰਨ ਸਹਿਮ ਦੇ ਮਾਹੌਲ ਵਿੱਚ ਹੈ। ਇਹ ਹੱਤਿਆ ਸ਼ਹਾਬੂਦੀਨ ਦੇ ਇਸ਼ਾਰੇ ਉੱਤੇ ਕੀਤੀ ਗਈ ਸੀ।
ਰਾਜਦੇਵ ਦੀ ਪਤਨੀ ਦਾ ਕਹਿਣਾ ਹੈ ਕਿ ਸ਼ਹਾਬੂਦੀਨ ਦੇ ਬਾਹਰ ਆਉਣ ਕਾਰਨ ਸਿਵਾਨ ਦੇ ਲੋਕਾਂ ਵਿੱਚ ਸਹਿਮ ਹੈ। ਉਨ੍ਹਾਂ ਨੂੰ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਚਿੰਤਾ ਹੈ। ਇਸ ਲਈ ਉਹ ਨਿਤੀਸ਼ ਸਰਕਾਰ ਤੋਂ ਸੁਰੱਖਿਆ ਦੀ ਮੰਗ ਕਰਦੇ ਹਨ। ਰਾਜਦੇਵ ਦੀ ਪਤਨੀ ਅਨੁਸਾਰ ਹੱਤਿਆ ਦੇ ਮਾਮਲੇ ਦੀ ਜਾਂਚ ਰੁਕੀ ਪਈ ਹੈ। ਇਸ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ। ਇਸ ਨਾਲ ਹੀ ਤੇਜ਼ਾਬ ਕਾਂਡ ਦੇ ਪੀੜਤ ਵੀ ਦਹਿਸ਼ਤ ਵਿੱਚ ਹਨ। ਇਹ ਘਟਨਾ 2004 ਦੀ ਹੈ ਦੇਸ਼ ਦੀ ਆਜ਼ਾਦੀ ਦਾ ਜਸ਼ਨ ਅਜੇ ਖ਼ਤਮ ਨਹੀਂ ਹੋਇਆ ਸੀ।
16 ਅਗਸਤ ਨੂੰ ਜਦੋਂ ਇੱਕ ਕਾਰੋਬਾਰੀ ਨੇ ਦੋ ਲੱਖ ਰੁਪਏ ਰੰਗਦਾਰੀ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਦੇ ਦੋ ਬੇਟਿਆਂ ਉੱਤੇ ਤੇਜ਼ਾਬ ਸੁੱਟ ਕੇ ਹੱਤਿਆ ਕਰ ਦਿੱਤੀ ਗਈ। ਹੱਤਿਆ ਦੇ ਦੋਸ਼ ਸ਼ਹਾਬੂਦੀਨ ਉੱਤੇ ਲੱਗਾ ਸੀ। ਇਸ ਮਾਮਲੇ ਵਿੱਚ ਉਹ ਜੇਲ੍ਹ ਵਿੱਚ ਬੰਦ ਸੀ।