ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਦਿੱਲੀ ਦੇ ਸ਼ਾਹੀਨ ਬਾਗ਼ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਮੰਗਲਵਾਰ ਦੁਪਹਿਰ ਇੱਕ ਵਿਅਕਤੀ ਪਿਸਤੌਲ ਲਹਿਰਾਉਂਦੇ ਹੋਏ ਸਟੇਜ ਤੇ ਪਹੁੰਚਿਆ। ਹੱਥ ਵਿੱਚ ਪਿਸਤੌਲ ਫੜੇ ਵਿਅਕਤੀ ਨੇ ਪ੍ਰਦਰਸ਼ਨਕਾਰੀਆਂ ਨੂੰ ਮਿੰਟਾਂ ਵਿੱਚ ਸਟੇਜ ਖਾਲੀ ਕਰਨ ਦੀ ਚੇਤਾਵਨੀ ਦਿੱਤੀ। ਇਸਦੇ ਨਾਲ ਹਫੜਾ-ਦਫੜੀ ਦਾ ਮਾਹੌਲ ਹੋ ਗਿਆ।ਜਿਸ ਤੋਂ ਬਾਅਦ ਉਥੇ ਮੌਜੂਦ ਲੋਕਾਂ ਨੇ ਨੌਜਵਾਨ ਨੂੰ ਸਟੇਜ ਤੋਂ ਹੇਠਾਂ ਲਾਹ ਲਿਆ। ਦੇਰ ਸ਼ਾਮ ਪੁਲਿਸ ਨੇ ਉਸ ਵਿਅਕਤੀ ਦੀ ਪਛਾਣ ਕੀਤੀ ਅਤੇ ਉਸਦਾ ਨਾਮ ਮੁਹੰਮਦ ਲੁਕਮਨ ਦੱਸਿਆ ਗਿਆ ਹੈ।


ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਜਿਸ ਵਿਅਕਤੀ ਨੇ ਪਿਸਤੌਲ ਤਾਣੀ ਸੀ ਉਹ ਰਾਜਨੀਤਿਕ ਪਾਰਟੀ ਨਾਲ ਸਬੰਧਤ ਹੈ। ਇਸ ਦੇ ਨਾਲ ਹੀ ਸ਼ਾਹੀਨ ਬਾਗ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿਸਤੌਲ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ, ਪ੍ਰਦਰਸ਼ਨ ਵਿੱਚ ਪਿਸਤੌਲ ਲਹਿਰਾਉਣ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਜਾਂਚ ਦੀ ਗੱਲ ਕਰ ਰਹੇ ਹਨ।