ਚੰਡੀਗੜ੍ਹ: ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਲਈ ਨਵੇਂ ਚਿਹਰੇ ਦੀ ਚੋਣ ਕਰ ਲਈ ਗਈ ਹੈ। ਉਰਜਿਤ ਪਟੇਲ ਤੋਂ ਬਾਅਦ ਹੁਣ ਸ਼ਕਤੀਕਾਂਤ ਦਾਸ ਆਰਬੀਆਈ ਦੇ ਨਵੇਂ ਗਵਰਨਰ ਹੋਣਗੇ। ਸ਼ਕਤੀਕਾਂਤ ਦਾਸ ਆਰਥਿਕ ਮਾਮਲਿਆਂ ਦੇ ਸਾਬਕਾ ਸਕੱਤਰ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਆਰਬੀਆਈ ਗਵਰਨਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਅੱਜ ਉਨ੍ਹਾਂ ਦੀ ਥਾਂ ’ਤੇ ਸ਼ਕਤੀਕਾਂਤ ਦਾਸ ਨੂੰ ਭਾਰਤੀ ਰਿਜ਼ਰਵ ਬੈਂਕ ਦਾ ਨਵਾਂ ਗਵਰਨਰ ਥਾਪਿਆ ਗਿਆ ਹੈ।

ਸਾਬਕਾ ਗਵਰਨਰ ਉਰਜਿਤ ਪਟੇਲ ਦਾ ਕਾਰਜਕਾਲ ਸਤੰਬਰ 2019 ਨੂੰ ਖ਼ਤਮ ਹੋਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਨਿੱਜੀ ਕਾਰਨਾਂ ਕਰਕੇ ਇਹ ਅਸਤੀਫ਼ਾ ਦੇ ਰਹੇ ਹਨ। ਉਹ ਸਤੰਬਰ 2016 ਨੂੰ RBI ਗਵਰਨਰ ਚੁਣੇ ਗਏ ਸਨ।

ਦਰਅਸਲ ਕੁਝ ਸਮਾਂ ਪਹਿਲਾਂ ਉਰਜਿਤ ਪਟੇਲ ਨੇ ਨੋਟਬੰਦੀ ਦੇ ਅੰਕੜੇ ਜਾਰੀ ਕੀਤੇ ਸਨ ਜੋ ਕੇਂਦਰ ਦੀ ਮੋਦੀ ਸਰਕਾਰ ਨੂੰ ਪਸੰਦ ਨਹੀਂ ਆਏ। ਉਨ੍ਹਾਂ ਵੱਲੋਂ ਅੰਕੜੇ ਜਾਰੀ ਕਰਨ ਬਾਅਦ ਵਿਰੋਧੀ ਧਿਰ ਲਗਾਤਾਰ ਮੋਦੀ ਸਰਕਾਰ ਨੂੰ ਘੇਰ ਰਿਹਾ ਸੀ। ਪਿਛਲੇ ਸਮੇਂ ਦੌਰਾਨ ਰਿਜ਼ਰਵ ਬੈਂਕ ਦੀ ਖੁਦਮੁਖਤਿਆਰੀ ਤੇ ਕੁਝ ਹੋਰ ਕਾਰਨਾਂ ਕਰਕੇ RBI ’ਤੇ ਸਰਕਾਰ ਵਿੱਚ ਖਾਸਾ ਤਣਾਅ ਵਧ ਗਿਆ ਸੀ। ਉਦੋਂ ਤੋਂ ਹੀ ਲੱਗ ਰਿਹਾ ਸੀ ਕਿ ਉਹ ਅਹੁਦਾ ਛੱਡ ਸਕਦੇ ਹਨ।